9 ਤੇ 23 ਤਾਰੀਖ ਨੂੰ ਗਰਭਵਤੀ ਔਰਤਾਂ ਲਈ ਲਗਾਏ ਜਾਂਦੇ ਹਨ ਕੈਂਪ
9 ਅਤੇ 23 ਤਾਰੀਖ ਨੂੰ ਗਰਭਵਤੀ ਔਰਤਾਂ ਲਈ ਲਗਾਏ ਜਾਂਦੇ ਹਨ ਕੈਂਪ
Publish Date: Mon, 23 Feb 2026 04:40 PM (IST)
Updated Date: Mon, 23 Feb 2026 04:43 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ ਕਵਿਤਾ ਸਿੰਘ ਦੀ ਉਚੇਚੀ ਨਿਗਰਾਨੀ ਵਿੱਚ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਏ.ਐਨ.ਸੀ ਚੈਕਅਪ ਕੈੰਪ ਆਯੋਜਿਤ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਹਰੇਕ ਗਰਭਵਤੀ ਦਾ ਐਂਟੀਨੇਟਲ ਚੈਕ-ਅਪ ਕੀਤਾ ਜਾਂਦਾ ਹੈ, ਤਾਂ ਜੋ ਹਾਈ ਰਿਸਕ ਪ੍ਰੈਗਨੇਂਸੀ ਦੀ ਜਲਦ ਤੋਂ ਜਲਦ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਇਸ ਦੇ ਜੋਖਿਮ ਨੂੰ ਘਟਾਇਆ ਜਾ ਸਕੇ। ਇਸ ਦੌਰਾਨ ਮੈਡੀਕਲ ਅਫਸਰਾਂ ਵਲੋਂ ਗਰਭਵਤੀ ਔਰਤਾਂ ਦਾ ਚੈਕਅਪ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਗਰਭਾਵਸਥਾ ਦੌਰਾਨ ਘਟੋਂ-ਘੱਟ 4 ਚੈਕ-ਅਪ, ਟੀ.ਟੀ ਦੇ ਇੰਜੈਕਸ਼ਨ, 180 ਆਇਰਨ ਫੋਲਿਕ ਅਤੇ ਕੈਲਸੀਅਮ ਦੀਆਂ ਖੁਰਾਕਾਂ ਲੈਣੀਆਂ ਜ਼ਰੂਰੀ ਹਨ, ਅਤੇ ਆਪਣਾ ਜਣੇਪਾ ਹਮੇਸ਼ਾ ਸੰਸਥਾਗਤ ਹੀ ਕਰਵਾਉਣਾ ਚਾਹੀਦਾ ਹੈ। ਉਹਨਾਂ ਨੇ ਗਰਭਵਤੀ ਔਰਤਾਂ ਨੂੰ ਖੁਰਾਕ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਗਰਭ ਅਵਸਥਾ ਦੌਰਾਨ ਖੁਰਾਕ ਦਾ ਖਾਸ ਮਹੱਤਵ ਹੁੰਦਾ ਹੈ ਜਿਸ ਨਾਲ ਜੱਚਾ ਅਤੇ ਬੱਚਾ ਦੋਵਾਂ ਦਾ ਵਿਕਾਸ ਜੁੜਿਆ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਗਰਭਵਤੀਆਂ ਨੂੰ ਸਰਕਾਰੀ ਸੰਸਥਾਵਾਂ ਵਿਚ ਪ੍ਰੈਗਨੇਸੀ ਟੈਸਟ ਤੋਂ ਲੈ ਕੇ ਜਣੇਪੇ ਦੇ 42 ਦਿਨਾਂ ਤੱਕ ਸਾਰੀਆਂ ਸਹੂਲਤਾਂ ਮੁਫਤ ਦਿੱਤੀਆਂ ਜਾਂਦੀਆਂ ਹਨ, ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਰਭਵਤੀਆਂ ਦੇ ਦੋ ਅਲਟ੍ਰਾਸਾਂਊਡ ਵੀ ਮੁਫਤ ਕੀਤੇ ਜਾਂਦੇ ਹਨ ਅਤੇ ਸੰਸਥਾਗਤ ਜਣੇਪਾ ਕਰਵਾਉਣ ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਜਾਂਚ ਕਰਵਾਉਣ ਆਉਣ ਵਾਲੀ ਗਰਭਵਤੀ ਔਰਤਾਂ ਨੂੰ ਵਿਭਾਗ ਦੀ ਹਦਾਇਤਾਂ ਮੁਤਾਬਕ ਪੋਸ਼ਟਿਕ ਖੁਰਾਕ ਦੇ ਪੈਕੇਟ ਵੀ ਵੰਡੇ ਜਾਂਦੇ ਹਨ।