ਅਣਜਾਣ ਬੰਦੇ ਤੋਂ ਸਾਮਾਨ ਖਰੀਦਣਾ ਪੈ ਸਕਦੈ ਮਹਿੰਗਾ : ਇੰਸ. ਸਚਿਨ ਕੰਬੋਜ
ਅਣਜਾਣ ਬੰਦੇ ਤੋਂ ਸਾਮਾਨ ਖਰੀਦਣਾ ਪੈ ਸਕਦੈ ਮਹਿੰਗਾ:ਇੰਸਪੈਕਟਰ ਸਚਿਨ ਕੰਬੋਜ
Publish Date: Sat, 24 Jan 2026 06:36 PM (IST)
Updated Date: Sat, 24 Jan 2026 06:40 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ,ਫਾਜ਼ਿਲਕਾ : ਫਾਜ਼ਿਲਕ ਪੁਲਿਸ ਵੱਲੋਂ ਇਲਾਕੇ ਦੇ ਕਬਾੜੀਆਂ ਨੂੰ ਸਖਤ ਚਿਤਾਵਨੀ ਦਿੱਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਦੇ ਖਿਲਾਫ਼ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ, ਪਰ ਖਾਸ ਤੌਰ ਤੇ ਇਹ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਕਬਾੜ ਦਾ ਕੰਮ ਕਰਨ ਵਾਲਾ ਵਿਅਕਤੀ ਚੋਰੀ ਦਾ ਸਾਮਾਨ ਨਾ ਖਰੀਦੇ। ਜੇਕਰ ਕੋਈ ਕਬਾੜੀਆ ਚੋਰੀ ਦਾ ਮਾਲ ਖਰੀਦਦਾ ਫੜਿਆ ਗਿਆ, ਤਾਂ ਉਸ ਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਟੀ ਥਾਣਾ ਫਾਜ਼ਿਲਕਾ ਦੇ ਐੱਸ.ਐੱਚ.ਓ. ਸਚਿਨ ਕੰਬੋਜ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਤੇ ਨਕੇਲ ਕੱਸਣ ਲਈ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ, ਜਿਸ ਵਿੱਚ ਨਾ ਸਿਰਫ਼ ਮੁਕੱਦਮੇ ਦਰਜ ਕੀਤੇ ਗਏ ਹਨ, ਸਗੋਂ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਸਚਿਨ ਕੰਬੋਜ ਨੇ ਦੱਸਿਆ ਕਿ ਚੋਰੀ ਦੇ ਮਾਮਲਿਆਂ ਵਿੱਚ ਚੋਰੀ ਕੀਤੇ ਮੋਟਰਸਾਈਕਲ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।ਅਕਸਰ ਚੋਰ ਅਜਿਹਾ ਸਾਮਾਨ ਬਾਜ਼ਾਰ ਵਿੱਚ ਵੇਚਣ ਦੀ ਫਿਰਾਕ ਵਿੱਚ ਰਹਿੰਦੇ ਹਨ, ਇਸ ਲਈ ਦੁਕਾਨਦਾਰ ਅਤੇ ਕਬਾੜ ਦਾ ਕੰਮ ਕਰਨ ਵਾਲੇ ਲੋਕ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਣ। ਸਚਿਨ ਕੰਬੋਜ ਨੇ ਅਪੀਲ ਕੀਤੀ ਕਿ ਕਿਸੇ ਵੀ ਅਣਜਾਣ ਵਿਅਕਤੀ ਤੋਂ ਪੁਰਾਣਾ ਜਾਂ ਕੋਈ ਸ਼ੱਕੀ ਸਾਮਾਨ ਨਾ ਖਰੀਦਿਆ ਜਾਵੇ।