ਫ਼ਾਜ਼ਿਲਕਾ 'ਚ ਬੱਸ ਸੇਵਾਵਾਂ ਪੂਰੀ ਤਰ੍ਹਾਂ ਠੱਪ, ਮੁਲਾਜ਼ਮਾਂ ਵੱਲੋਂ ਦੂਜੇ ਦਿਨ ਵੀ ਚੱਕਾ ਜਾਮ
ਫ਼ਾਜ਼ਿਲਕਾ 'ਚ ਬੱਸ ਸੇਵਾਵਾਂ ਪੂਰੀ ਤਰ੍ਹਾਂ ਠੱਪ, ਮੁਲਾਜ਼ਮਾਂ ਦਾ ਦੂਜੇ ਦਿਨ ਵੀ ਚੱਕਾ ਜਾਮ
Publish Date: Wed, 10 Jun 2026 03:41 PM (IST)
Updated Date: Wed, 10 Jun 2026 03:41 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਮੋਗਾ ਚ 2025 ਵਿਚ ਹੋਏ ਦਰਦਨਾਕ ਬੱਸ ਹਾਦਸੇ ਤੋਂ ਬਾਅਦ ਸਬੰਧਤ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਨੌਕਰੀ ਤੋਂ ਬਰਖ਼ਾਸਤ ਕੀਤੇ ਜਾਣ ਦੇ ਵਿਰੋਧ ਚ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਬੁੱਧਵਾਰ ਨੂੰ ਦੂਜੇ ਦਿਨ ਵੀ ਮੁਲਾਜ਼ਮਾਂ ਨੇ ਹੜਤਾਲ ਜਾਰੀ ਰੱਖਦਿਆਂ ਫ਼ਾਜ਼ਿਲਕਾ ਬੱਸ ਸਟੈਂਡ ਦੇ ਗੇਟਾਂ ਤੇ ਧਰਨਾ ਦੇ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਵਾਲੀਆਂ ਟੀ-ਸ਼ਰਟਾਂ ਪਹਿਨ ਕੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਪਨਬੱਸ-ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਸਬ ਡਿਪੂ ਫ਼ਾਜ਼ਿਲਕਾ ਦੇ ਪ੍ਰਧਾਨ ਰਵਿੰਦਰ ਸਿੰਘ ਰਿੰਕੂ ਨੇ ਕਿਹਾ ਕਿ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸੇ ਕਾਰਨ ਮੁਲਾਜ਼ਮਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਬੱਸ ਸੇਵਾ ਰਹੀ ਪ੍ਰਭਾਵਿਤ ਹੜਤਾਲ ਕਾਰਨ ਬੱਸ ਸਟੈਂਡ ਤੋਂ ਬੱਸਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਸਵੇਰ ਤੋਂ ਹੀ ਬੱਸ ਸਟੈਂਡ ਤੇ ਮੁਸਾਫ਼ਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਪਰ ਬੱਸਾਂ ਦੀ ਘਾਟ ਕਾਰਨ ਲੋਕਾਂ ਨੂੰ ਘੰਟਿਆਂ ਇੰਤਜ਼ਾਰ ਕਰਨਾ ਪਿਆ। ਕਈ ਰੂਟਾਂ ਤੇ ਬੱਸ ਸੇਵਾਵਾਂ ਲਗਭਗ ਠੱਪ ਰਹੀਆਂ। ਸਭ ਤੋਂ ਵੱਧ ਪਰੇਸ਼ਾਨੀ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੂਟ ਦੇ ਮੁਸਾਫ਼ਰਾਂ ਨੂੰ ਝੱਲਣੀ ਪਈ। ਇਹ ਰੂਟ ਸਰਕਾਰੀ ਬੱਸਾਂ ਤੇ ਨਿਰਭਰ ਹੋਣ ਕਾਰਨ ਯਾਤਰੀਆਂ ਕੋਲ ਕੋਈ ਵੱਖਰਾ ਬਦਲ ਨਹੀਂ ਸੀ। ਹੜਤਾਲ ਕਾਰਨ ਕੇਵਲ ਕੁਝ ਪੱਕੇ ਮੁਲਾਜ਼ਮ ਹੀ ਡਿਊਟੀ ਤੇ ਰਹੇ, ਜਿਸ ਕਾਰਨ ਬੱਸਾਂ ਦੀ ਗਿਣਤੀ ਬਹੁਤ ਘੱਟ ਰਹੀ। ਨਤੀਜੇ ਵਜੋਂ ਕਈ ਯਾਤਰੀਆਂ ਨੂੰ ਨਿੱਜੀ ਵਾਹਨਾਂ ਜਾਂ ਮਹਿੰਗੇ ਕਿਰਾਏ ਵਾਲੇ ਸਾਧਨਾਂ ਦਾ ਸਹਾਰਾ ਲੈਣਾ ਪਿਆ। ਟੀ-ਸ਼ਰਟਾਂ ਰਾਹੀਂ ਰੱਖੀਆਂ ਮੰਗਾਂ ਮੁਲਾਜ਼ਮਾਂ ਵੱਲੋਂ ਪਹਿਨੀਆਂ ਗਈਆਂ ਟੀ-ਸ਼ਰਟਾਂ ਤੇ ਉਨ੍ਹਾਂ ਦੀਆਂ ਮੰਗਾਂ ਦਰਜ ਸਨ। ਟੀ-ਸ਼ਰਟਾਂ ਦੇ ਪਿੱਛੇ ਛੇ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸਾਥੀਆਂ ਦੀ ਰਿਹਾਈ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਵਿਭਾਗ ਦੀ ਮਾਲਕੀ ਵਾਲੀਆਂ ਨਵੀਆਂ ਬੱਸਾਂ ਸ਼ੁਰੂ ਕਰਨ ਅਤੇ ਕਿਲੋਮੀਟਰ ਸਕੀਮ ਅਧੀਨ ਚੱਲ ਰਹੀਆਂ ਬੱਸਾਂ ਨੂੰ ਬੰਦ ਕਰਨ ਦੀ ਮੰਗ ਲਿਖੀ ਹੋਈ ਸੀ। ਜਦਕਿ ਅੱਗੇ ਜੇਲ੍ਹ ਵਿੱਚ ਬੰਦ ਇਕ ਸਾਥੀ ਦੀ ਏਆਈ ਤਕਨੀਕ ਨਾਲ ਤਿਆਰ ਕੀਤੀ ਤਸਵੀਰ ਛਾਪੀ ਗਈ ਸੀ। ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਕਰਮਚਾਰੀ ਇਹ ਟੀ-ਸ਼ਰਟਾਂ ਪਹਿਨ ਕੇ ਆਪਣੀਆਂ ਡਿਊਟੀਆਂ ਨਿਭਾਉਣਗੇ ਅਤੇ ਲੋਕਾਂ ਤੱਕ ਆਪਣੀਆਂ ਮੰਗਾਂ ਪਹੁੰਚਾਉਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।