- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਿਲ ਹਸਪਤਾਲ ਫਾਜ਼ਿਲਕਾ ਵਿੱਚ ਹੱਡੀਆਂ ਦੀ ਸਰਜਰੀ ਮਰੀਜਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਾਜ਼ਿਲਕਾ : ਸਿਵਲ ਹਸਪਤਾਲ ਫਾਜ਼ਿਲਕਾ ਵੱਲੋਂ ਹੱਡੀਆਂ (ਆਰਥੋਪੀਡਿਕ) ਦੇ ਇਲਾਜ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਹਸਪਤਾਲ ਵਿੱਚ ਤਾਇਨਾਤ ਦੋ ਮਾਹਿਰ ਆਰਥੋਪੀਡਿਕ ਡਾਕਟਰਾਂ ਦੀ ਮਿਹਨਤ ਅਤੇ ਤਜਰਬੇ ਸਦਕਾ ਓਪੀਡੀ ਤੋਂ ਲੈ ਕੇ ਵੱਡੀਆਂ ਸਰਜਰੀਆਂ ਤੱਕ ਮਰੀਜ਼ਾਂ ਨੂੰ ਉੱਚ-ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਿਵਲ ਹਸਪਤਾਲ ਫਾਜ਼ਿਲਕਾ ਦੀ ਹੱਡੀਆਂ ਦੀ ਓਪੀਡੀ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਹਨ। ਇੱਥੇ ਗੋਡਿਆਂ ਦੇ ਦਰਦ, ਕੂਲ੍ਹੇ ਦੇ ਜੋੜਾਂ ਦੀ ਸਮੱਸਿਆ, ਹੱਡੀਆਂ ਦੇ ਟੁੱਟਣ, ਪੁਰਾਣੀਆਂ ਚੋਟਾਂ, ਜੋੜਾਂ ਦੀ ਘਿਸਾਈ, ਸਪਾਈਨ ਨਾਲ ਸੰਬੰਧਿਤ ਬਿਮਾਰੀਆਂ ਅਤੇ ਹੋਰ ਆਰਥੋਪੀਡਿਕ ਰੋਗਾਂ ਦਾ ਸੁਚੱਜਾ ਇਲਾਜ ਕੀਤਾ ਜਾ ਰਿਹਾ ਹੈ।
ਹਸਪਤਾਲ ਵਿੱਚ ਤਾਇਨਾਤ ਦੋਨਾਂ ਆਰਥੋਪੀਡਿਕ ਡਾ. ਵਿਕਾਸ ਗਾਂਧੀ ਤੇ ਡਾ. ਨਿਸ਼ਾਂਤ ਸੇਤੀਆ ਵੱਲੋਂ ਪਿਛਲੇ ਸਮੇਂ ਦੌਰਾਨ ਆਯੁਸ਼ਮਾਨ ਭਾਰਤ ਸਕੀਮ ਤਹਿਤ ਸੈਂਕੜਿਆਂ ਮਰੀਜ਼ਾਂ ਦੀਆਂ ਹੱਡੀਆਂ ਨਾਲ ਸੰਬੰਧਿਤ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਗੋਡੇ ਦੇ ਰਿਪਲੇਸਮੈਂਟ, ਕੂਲ੍ਹੇ ਦੇ ਰਿਪਲੇਸਮੈਂਟ, ਹੱਡੀਆਂ ਦੇ ਟੁੱਟਣ ਦੀ ਸਰਜਰੀ, ਰੌਡ ਪਾਉਣ, ਪਲੇਟਾਂ ਲਗਾਉਣ ਅਤੇ ਹੋਰ ਜਟਿਲ ਓਪਰੇਸ਼ਨ ਸ਼ਾਮਲ ਹਨ। ਇਸ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਨਿੱਜੀ ਹਸਪਤਾਲਾਂ ਦੇ ਮਹਿੰਗੇ ਖਰਚਿਆਂ ਤੋਂ ਵੱਡੀ ਰਹਤ ਮਿਲੀ ਹੈ।
ਸਰਜਰੀ ਤੋਂ ਬਾਅਦ ਕਈ ਮਰੀਜ਼, ਜੋ ਲੰਬੇ ਸਮੇਂ ਤੋਂ ਤੁਰਨ-ਫਿਰਨ ਤੋਂ ਲਾਚਾਰ ਸਨ, ਹੁਣ ਮੁੜ ਸਧਾਰਨ ਜੀਵਨ ਜੀ ਰਹੇ ਹਨ। ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਦੀ ਸਿਹਤ ਟੀਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸਾਲ 2025 ਦੌਰਾਨ ਫਾਜ਼ਿਲਕਾ ਸਿਵਲ ਹਸਪਤਾਲ ਵਿਖੇ ਹੱਡੀਆਂ ਦੇ ਰੋਗਾਂ ਦੀ ਕੁਲ ਉ ਪੀ ਡੀ 29449 ਹੋਈ ਜਿਸ ਵਿਚ ਵਡੇ ਆਪ੍ਰੇਸ਼ਨ 542 ਅਤੇ 1415 ਛੋਟੀ ਸਰਜਰੀ ਹੋਈ ਹੈ।ਇਸ ਮੌਕੇ ਡਾ.ਨਿਸ਼ਾਤ ਸੇਤੀਆ ਅਤੇ ਡਾ. ਵਿਕਾਸ ਗਾਂਧੀ ਨੇ ਕਿਹਾ ਕਿ ਬਾਰਡਰ ਖੇਤਰ ਵਿਖੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਉਹਨਾਂ ਦੀ ਡਿਊਟੀ ਹੈ ਅਤੇ ਇਸ ਵਿਚ ਟੀਮ ਵਰਕ ਦਾ ਕੰਮ ਹੈ। ਉਨ੍ਹਾਂ ਦਾ ਕਹਿਣਾ ਹੈ ਉਨ੍ਹਾਂ ਦੀ ਕੋਸ਼ਿਸ ਹੈ ਕਿ ਫਾਜ਼ਿਲਕਾ ਸਿਵਲ ਹਸਪਤਾਲ ਵਿਖੇ ਆਰਥੋ ਸਰਜਰੀ ਦੀ ਗਿਣਤੀ ਮੈਡੀਕਲ ਕਾਲਜ ਦੇ ਬਰਾਬਰ ਹੋਵੇ।ਸੀਨੀਅਰ ਮੈਡੀਕਲ ਅਫਸਰ ਡਾ. ਏਰਿਕ ਅਤੇ ਸਹਾਇਕ ਸਿਵਿਲ ਸਰਜਨ ਡਾ. ਰੋਹਿਤ ਗੋਇਲ ਨੇ ਕਿਹਾ ਕਿ ਫਾਜ਼ਿਲਕਾ ਸਿਵਿਲ ਹਸਪਤਾਲ ਵਿਖੇ ਦੋਨਾਂ ਡਾਕਟਰਾਂ ਨੇ ਸਾਲ 2025 ਦੋਰਾਨ ਕਾਫੀ ਵਧੀਆ ਕੰਮ ਕੀਤਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ ।ਇਸ ਮੌਕੇ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ “ਸਿਵਿਲ ਹਸਪਤਾਲ ਫਾਜ਼ਿਲਕਾ ਵਿੱਚ ਪੰਜਾਬ ਸਰਕਾਰ ਦੀਆਂ ਸਿਹਤ ਯੋਜਨਾਵਾਂ ਨੂੰ ਜਮੀਨੀ ਪੱਧਰ ’ਤੇ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ। ਹੱਡੀਆਂ ਦੀਆਂ ਸਰਜਰੀਆਂ ਅਤੇ ਓਪੀਡੀ ਸੇਵਾਵਾਂ ਰਾਹੀਂ ਆਮ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਆਯੁਸ਼ਮਾਨ ਭਾਰਤ ਸਕੀਮ ਤਹਿਤ ਮਹਿੰਗੀਆਂ ਸਰਜਰੀਆਂ ਮੁਫ਼ਤ ਹੋਣ ਨਾਲ ਗਰੀਬ ਵਰਗ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਭਵਿੱਖ ਵਿੱਚ ਵੀ ਹਸਪਤਾਲ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।”
ਸਿਵਿਲ ਹਸਪਤਾਲ ਫਾਜ਼ਿਲਕਾ ਵਿੱਚ ਆਧੁਨਿਕ ਓਪਰੇਸ਼ਨ ਥੀਏਟਰ, ਲੋੜੀਂਦੀ ਮਸ਼ੀਨਰੀ ਅਤੇ ਪ੍ਰਸ਼ਿਕਸ਼ਿਤ ਨਰਸਿੰਗ ਸਟਾਫ ਦੀ ਮਦਦ ਨਾਲ ਇਲਾਜ ਦੀ ਗੁਣਵੱਤਾ ਨੂੰ ਲਗਾਤਾਰ ਸੁਧਾਰਿਆ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮਰੀਜ਼ਾਂ ਨੂੰ ਇਲਾਜ ਦੌਰਾਨ ਹਰ ਸੰਭਵ ਸੁਵਿਧਾ ਮਿਲੇ।ਜ਼ਿਲ੍ਹੇ ਦੇ ਲੋਕਾਂ ਲਈ ਇਹ ਮਾਣ ਦੀ ਗੱਲ ਹੈ ਕਿ ਸਿਵਿਲ ਹਸਪਤਾਲ ਫਾਜ਼ਿਲਕਾ ਹੁਣ ਹੱਡੀਆਂ ਦੇ ਇਲਾਜ ਅਤੇ ਸਰਜਰੀ ਦੇ ਖੇਤਰ ਵਿੱਚ ਇੱਕ ਭਰੋਸੇਯੋਗ ਕੇਂਦਰ ਵਜੋਂ ਉਭਰ ਰਿਹਾ ਹੈ। ਇਹ ਉਪਲਬਧੀ ਸਿਹਤ ਵਿਭਾਗ ਦੀ ਟੀਮ ਵਰਕ ਅਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਦਾ ਨਤੀਜਾ ਹੈ।