ਫਾਜ਼ਿਲਕਾ ਪੁਲਿਸ ਨੂੰ ਵੱਡੀ ਕਾਮਯਾਬੀ: 112 ਹੈਲਪਲਾਈਨ ਟੀਮ 'ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਪਿਛਲੇ ਦਿਨੀਂ ਥਾਣਾ ਅਰਨੀਵਾਲਾ ਦੇ ਇਲਾਕੇ ਵਿੱਚ 112 ਹੈਲਪਲਾਈਨ ਟੀਮ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਫਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Thu, 11 Jun 2026 11:39 AM (IST)
Updated Date: Thu, 11 Jun 2026 11:42 AM (IST)

ਨਵਜੋਤ ਸਿੰਘ, ਪੰਜਾਬੀ ਜਾਗਰਣ, ਫਾਜ਼ਿਲਕਾ। ਪਿਛਲੇ ਦਿਨੀਂ ਥਾਣਾ ਅਰਨੀਵਾਲਾ ਦੇ ਇਲਾਕੇ ਵਿੱਚ 112 ਹੈਲਪਲਾਈਨ ਟੀਮ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਫਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦੇ ਡੀ.ਐੱਸ.ਪੀ. ਸਬ ਡਵੀਜ਼ਨ ਜਲਾਲਾਬਾਦ ਗੁਰਸੇਵਕ ਸਿੰਘ ਨੇ ਦੱਸਿਆ ਕਿ 7 ਜੂਨ ਦੀ ਰਾਤ 112 ਹੈਲਪਲਾਈਨ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਇਸਲਾਮ ਵਾਲਾ ਤੋਂ ਕਮਾਲ ਵਾਲਾ ਨੂੰ ਜਾਂਦੀ ਸੜਕ ’ਤੇ ਇੱਕ ਸ਼ੱਕੀ ਗੱਡੀ ਘੁੰਮ ਰਹੀ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਗੱਡੀ ਸਵਾਰਾਂ ਨੇ ਪੁਲਿਸ ਪਾਰਟੀ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਏ.ਐੱਸ.ਆਈ. ਰਮੇਸ਼ ਕੁਮਾਰ ਜ਼ਖ਼ਮੀ ਹੋ ਗਏ।
ਘਟਨਾ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸੇ ਤਹਿਤ ਥਾਣਾ ਅਰਨੀਵਾਲਾ ਦੀ ਟੀਮ ਨੇ 10 ਜੂਨ ਨੂੰ ਕਾਰਵਾਈ ਕਰਦਿਆਂ ਮਾਮਲੇ ਦੇ ਮੁੱਖ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਪੁਲਿਸ ਅਨੁਸਾਰ ਦੋਸ਼ੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਹ ਡਿੱਗ ਗਿਆ, ਜਿਸ ਕਾਰਨ ਉਸ ਦੀ ਲੱਤ ’ਤੇ ਸੱਟ ਲੱਗ ਗਈ। ਜ਼ਖ਼ਮੀ ਦੋਸ਼ੀ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।