ਮੁੜ ਖੁਲ੍ਹੇਗੀ ਪੁਰਾਣੇ ਹਸਪਤਾਲ ਦੀ ਖਾਲੀ ਪਈ ਇਮਾਰਤ
ਜਲਾਲਾਬਾਦ ਵਾਸੀਆਂ ਲਈ ਵੱਡੀ ਰਾਹਤ: ਪੁਰਾਣੇ ਹਸਪਤਾਲ ਦੀ ਖਾਲੀ ਪਈ ਇਮਾਰਤ ਵਿੱਚ ਹੁਣ ਗੂੰਜੇਗੀ ਮਰੀਜ਼ਾਂ ਦੀ ਸੇਵਾ ਦੀ ਗੂੰਜ
Publish Date: Fri, 13 Mar 2026 04:15 PM (IST)
Updated Date: Fri, 13 Mar 2026 04:18 PM (IST)

ਜਲਾਲਾਬਾਦ : ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਪੁਰਾਣੇ ਸਰਕਾਰੀ ਹਸਪਤਾਲ ਦੀ ਜੋ ਇਮਾਰਤ ਲੰਬੇ ਸਮੇਂ ਤੋਂ ਵੀਰਾਨ ਪਈ ਸੀ, ਹੁਣ ਉਹ ਦੁਬਾਰਾ ਮਰੀਜ਼ਾਂ ਦੇ ਇਲਾਜ ਲਈ ਆਬਾਦ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਦੋ ਏਕੜ ਵਿੱਚ ਫੈਲੀ ਪੁਰਾਣੀ ਇਮਾਰਤ ਵਿੱਚ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਉਠਾਏ ਗਏ ਲੋਕ ਹਿੱਤ ਦੇ ਮੁੱਦੇ ’ਤੇ ਜਵਾਬ ਦਿੰਦਿਆਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਇਸ ਪ੍ਰੋਜੈਕਟ ’ਤੇ ਮੋਹਰ ਲਗਾ ਦਿੱਤੀ ਹੈ। ਵਿਧਾਇਕ ਨੇ ਸਦਨ ਨੂੰ ਜਾਣੂ ਕਰਵਾਇਆ ਕਿ ਪੁੱਡਾ ਨੇ ਪੁਰਾਣੀ ਇਮਾਰਤ ਦੇ ਮੁੜ ਉਪਯੋਗ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਹੁਣ ਇੱਥੇ ਸਿਹਤ ਕੇਂਦਰ ਸ਼ੁਰੂ ਕਰਨ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਇਸ ਕੇਂਦਰ ਦੇ ਸ਼ੁਰੂ ਹੋਣ ਨਾਲ ਜਲਾਲਾਬਾਦ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਆਮ ਬਿਮਾਰੀਆਂ ਦੇ ਇਲਾਜ, ਟੀਕਾਕਰਨ ਅਤੇ ਮਾਂ-ਬੱਚਾ ਸਿਹਤ ਸੇਵਾਵਾਂ ਲਈ ਹੁਣ ਸ਼ਹਿਰੋਂ ਬਾਹਰ ਬਣੇ ਵੱਡੇ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਨੂੰ ਆਪਣੀ ਤਰਜੀਹ ਦੱਸਦਿਆਂ ਕਿਹਾ ਕਿ ਇਸ ਇਤਿਹਾਸਕ ਇਮਾਰਤ ਦਾ ਸਹੀ ਉਪਯੋਗ ਹੋਣ ਨਾਲ ਨਾ ਸਿਰਫ਼ ਸਰਕਾਰੀ ਜਾਇਦਾਦ ਦੀ ਸੁਰੱਖਿਆ ਹੋਵੇਗੀ, ਸਗੋਂ ਸ਼ਹਿਰ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਵਧੀਆ ਸਿਹਤ ਸਹੂਲਤਾਂ ਮਿਲ ਸਕਣਗੀਆਂ।