ਭਾਜਪਾ ਦੀ ‘ਜੀ ਰਾਮ ਜੀ’ ਸਬੰਧੀ ਜਨ ਜਾਗਰੂਕਤਾ ਮੁਹਿੰਮ ਅੱਜ ਤੋਂ : ਜਾਖੜ
ਭਾਰਤੀ ਜਨਤਾ ਪਾਰਟੀ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਸਬੰਧੀ ਜਨ ਜਾਗਰੂਕਤਾ ਲਈ 7 ਜਨਵਰੀ ਫਾਜ਼ਿਲਕਾ ਤੋਂ ਚਲਾਏਗੀ ਅਭਿਆਨ:ਸੁਨੀਲ ਜਾਖੜ
Publish Date: Tue, 06 Jan 2026 03:31 PM (IST)
Updated Date: Tue, 06 Jan 2026 03:32 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਪਾਰਟੀ ਗਰੀਬਾਂ ਦੇ ਹਿੱਤ ਵਿਚ ਬਣਾਈ ਗਈ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਸਬੰਧੀ ਜਨ ਜਾਗਰੂਕਤਾ ਲਈ 7 ਜਨਵਰੀ ਤੋਂ ਇਕ ਅਭਿਆਨ ਚਲਾਏਗੀ। ਭਾਜਪਾ ਜ਼ਿਲ੍ਹਾ ਫਾਜ਼ਿਲਕਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਇਸ ਅਭਿਆਨ ਦੀ ਸ਼ੁਰੂਆਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖਿਓਵਾਲੀ ਢਾਬ ਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਹਮੇਸਾ ਹੀ ਸਭ ਦਾ ਸਾਥ, ਸਭ ਦਾ ਵਿਕਾਸ ਦੀ ਨੀਤੀ ਨਾਲ ਚੱਲਦੀ ਹੈ ਅਤੇ ਇਹ ਯੋਜਨਾ ਵੀ ਗਰੀਬਾਂ ਦੀ ਭਲਾਈ ਲਈ ਇਸੇ ਨੀਤੀ ਅਨੁਸਾਰ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਲਈ ਰੋਜਗਾਰ ਦੇ ਦਿਨਾਂ ਨੂੰ 100 ਤੋਂ ਵਧਾ ਕੇ 125 ਕੀਤਾ ਗਿਆ ਹੈ ਉਥੇ ਹੀ ਇਸ ਨਵੀਂ ਯੋਜਨਾ ਵਿਚ ਮਜਦੁਰਾਂ ਨੂੰ ਕੰਮ ਨਾ ਮੁਹਈਆ ਕਰਵਾਉਣ ਲਈ ਜਿੰਮੇਵਾਰੀ ਵੀ ਤੈਅ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਆਉਣ ਨਾਲ ਭ੍ਰਿਸ਼ਟਾਚਾਰ ਬੰਦ ਹੋਵੇਗਾ ਅਤੇ ਮਜਦੂਰੀ ਦੀ ਸਾਰੀ ਰਕਮ ਮਜਦੂਰਾਂ ਦੇ ਬੈਂਕ ਖਾਤਿਆਂ ਤੱਕ ਪਹੁੰਚੇਗੀ, ਅਤੇ ਇਹੀ ਇਕ ਕਾਰਨ ਹੈ ਕਿ ਆਪ ਸਰਕਾਰ ਤੇ ਕਾਂਗਰਸ ਇਸ ਨਵੀਂ ਗਰੀਬ ਪੱਖੀ ਸਕੀਮ ਦਾ ਵਿਰੋਧ ਕਰਕੇ ਇਸ ਖਿਲਾਫ ਸਮਾਜ ਵਿਚ ਝੂਠ ਫੈਲਾ ਰਹੀਂਆਂ ਹਨ।ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਇਸ ਅਭਿਆਨ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਸ ਗਰੀਬਾਂ ਦੇ ਕਲਿਆਣ ਲਈ ਲਿਆਂਦੀ ਯੋਜਨਾ ਖਿਲਾਫ ਫੈਲਾਏ ਜਾ ਰਹੇ ਭਰਮ ਦੇ ਢੋਲ ਦੀ ਪੋਲ ਖੋਲੀ ਜਾਵੇਗੀ ਅਤੇ ਮਜਦੂਰਾਂ ਨੂੰ ਸੱਚ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਮੇਂ ਦੌਰਾਨ ਮਜਦੂਰਾਂ ਨੂੰ 100 ਦਿਨ ਦਾ ਰੋਜਗਾਰ ਨਾ ਦੇਣ ਲਈ ਕਿਸੇ ਨੂੰ ਵੀ ਜਿੰਮੇਵਾਰ ਨਹੀਂ ਸੀ ਠਹਿਰਾਇਆ ਜਾਂਦਾ ਪਰ ਨਵੇਂ ਕਾਨੂੰਨ ਵਿਚ ਜਿੰਮੇਵਾਰੀ ਤੈਅ ਹੋਵੇਗੀ ਅਤੇ ਹੁਣ ਗਰੀਬਾਂ ਦਾ ਹੱਕ ਮਾਰਿਆ ਨਹੀਂ ਜਾ ਸਕੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣੀਆਂ ਨਾਕਾਮੀਆਂ ਤੇ ਪਰਦੇ ਪਾਉਣ ਲਈ ਅਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸ ਯੋਜਨਾ ਖਿਲਾਫ ਕੂੜ ਪ੍ਰਚਾਰ ਕਰ ਰਹੀ ਹੈ ਅਤੇ ਭਾਜਪਾ ਇਸ ਭਰਮ ਜਾਲ ਨੂੰ ਵਿਆਪਕ ਜਨ ਜਾਗਰੂਕਤਾ ਪ੍ਰੋਗਰਾਮ ਰਾਹੀਂ ਤੋੜੇਗੀ।