ਈਰਾਨ-ਇਜ਼ਰਾਈਲ ਜੰਗ ਕਾਰਨ ਬਾਸਮਤੀ ਚੌਲਾਂ ਦਾ ਨਿਰਯਾਤ ਰੁਕਿਆ
ਈਰਾਨ-ਇਜ਼ਰਾਈਲ ਜੰਗ ਕਾਰਨ ਬਾਸਮਤੀ ਚੌਲਾਂ ਦਾ ਨਿਰਯਾਤ ਰੁਕਿਆ
Publish Date: Sat, 07 Mar 2026 04:47 PM (IST)
Updated Date: Sat, 07 Mar 2026 04:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲਾਲਾਬਾਦ : ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਦਾ ਸਿੱਧਾ ਅਸਰ ਹੁਣ ਪੰਜਾਬ ਦੇ ਬਾਸਮਤੀ ਚੌਲ ਨਿਰਯਾਤਕਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਤੋਂ ਨਿਰਯਾਤ ਕੀਤਾ ਗਿਆ ਲੱਖਾਂ ਟਨ ਬਾਸਮਤੀ ਚੌਲ ਰਸਤੇ ਵਿੱਚ ਹੀ ਅਟਕ ਗਿਆ ਹੈ। ਕਪਿਲ ਦੇਵ ਗੁੰਬਰ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਬਾਸਮਤੀ ਨਿਰਯਾਤ ਦਾ ਕੰਮ ਕਰ ਰਹੇ ਹਨ। ਹੁਣ ਵੀ ਉਨ੍ਹਾਂ ਵੱਲੋਂ ਲੱਖਾਂ ਟਨ ਬਾਸਮਤੀ ਚੌਲ ਦੁਬਈ ਅਤੇ ਈਰਾਨ ਸਮੇਤ ਹੋਰ ਖਾੜੀ ਦੇਸ਼ਾਂ ਵਿੱਚ ਭੇਜਿਆ ਗਿਆ ਹੈ, ਜੋ ਈਰਾਨ-ਇਜ਼ਰਾਈਲ ਜੰਗ ਕਾਰਨ ਰਸਤੇ ਵਿੱਚ ਫਸ ਗਿਆ ਹੈ। ਉਨ੍ਹਾਂ ਦੇ ਲਗਭਗ 150 ਕੰਟੇਨਰ, ਜੋ ਕਿ ਸਮੁੰਦਰੀ ਜਹਾਜ਼ਾਂ, ਬੰਦਰਗਾਹਾਂ ਜਾਂ ਟਰੱਕਾਂ ਵਿੱਚ ਸਨ, ਉੱਥੇ ਹੀ ਰੁਕ ਗਏ ਹਨ। ਹਾਲਾਂਕਿ ਪਹਿਲਾਂ ਤੈਅ ਹੋਏ ਭਾੜੇ ਅਨੁਸਾਰ ਚੌਲ ਭੇਜਿਆ ਜਾ ਰਿਹਾ ਸੀ ਪਰ ਹੁਣ ਸ਼ਿਪਿੰਗ ਏਜੰਸੀਆਂ ਜੰਗ ਦੇ ਖ਼ਰਚੇ (ਵਾਰ ਚਾਰਜਿਜ਼) ਦੇ ਨਾਮ ਤੇ 2000 ਡਾਲਰ ਪ੍ਰਤੀ ਕੰਟੇਨਰ ਵਾਧੂ ਮੰਗ ਰਹੀਆਂ ਹਨ। ਇਸ ਨਾਲ ਚੌਲਾਂ ਦਾ ਭਾਅ 800 ਰੁਪਏ ਪ੍ਰਤੀ ਕੁਇੰਟਲ ਵੱਧ ਜਾਵੇਗਾ, ਜਦਕਿ ਉਨ੍ਹਾਂ ਕੋਲ ਇੰਨਾ ਮੁਨਾਫ਼ਾ ਨਹੀਂ ਹੈ ਤੇ ਉਹ ਸਿਰਫ਼ ਇੱਕ-ਦੋ ਰੁਪਏ ਪ੍ਰਤੀ ਕਿੱਲੋ ਦੇ ਮੁਨਾਫ਼ੇ ਤੇ ਕੰਮ ਕਰ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਹੱਲ ਨਾ ਹੋਇਆ ਤਾਂ ਰਾਈਸ ਮਿੱਲਰਾਂ ਨੂੰ ਭਾਰੀ ਨੁਕਸਾਨ ਹੋਵੇਗਾ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਕਿਸਾਨੀ ਤੇ ਵੀ ਪਵੇਗਾ।