ਹਸਪਤਾਲ ’ਚ ਲੰਮੀਆਂ ਲਾਈਨਾਂ ਤੋਂ ਬਚਣ ਲਈ ਆਭਾ ਆਈਡੀ ਜ਼ਰੂਰੀ
ਵੱਖ-ਵੱਖ ਕਾਲਜਾਂ ਵਿਖੇ ਆਭਾ ਆਈਡੀ ਅਤੇ ਟੀਕਾਕਰਨ ਸਬੰਧੀ ਜਾਗਰੂਕਤਾ ਸੈਮੀਨਾਰ ਹੋਇਆ
Publish Date: Wed, 18 Mar 2026 03:35 PM (IST)
Updated Date: Wed, 18 Mar 2026 03:37 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜਿਲਕਾ ਦੀ ਉਚੇਚੀ ਨਿਗਰਾਨੀ ’ਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਿੰਕੂ ਚਾਵਲਾ ਦੀ ਦੇਖਰੇਖ ਵਿੱਚ ਕਾਲਜਾਂ ਵਿਖੇ ਐਚ.ਪੀ.ਵੀ ਟੀਕਾਕਰਨ ਅਤੇ ਆਭਾ ਆਈਡੀ ਬਣਾਉਣ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਸਮੇਂ ਕਾਲਜ ਪ੍ਰਿੰਸੀਪਲ, ਕਾਲਜ ਸਟਾਫ, ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਪੂਜਾ ਡੀ.ਐਮ.ਈ.ਓ ਅਤੇ ਵਿਦਿਆਰਥੀ ਮੌਜੂਦ ਸਨ। ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਲਾਜ ਸਬੰਧੀ ਰਿਕਾਰਡ ਨੂੰ ਆਯੂਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਤਹਿਤ ਆਨਲਾਈਨ ਕੀਤਾ ਜਾ ਰਿਹਾ ਹੈ। ਜਿਸ ਲਈ ਯੂਨੀਕ ਆਭਾ ਆਈਡੀ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਓਪੀਡੀ ਦੀਆਂ ਲੰਮੀਆਂ ਲਾਈਨਾਂ ਤੋਂ ਬਚਣ ਲਈ ਲੋਕਾਂ ਨੂੰ ਤੁਰੰਤ ਆਭਾ ਆਈਡੀ ਬਨਾਉਣੀ ਚਾਹੀਦੀ ਹੈ। ਇਸ ਮੌਕੇ ਮਨਬੀਰ ਸਿੰਘ ਨੇ ਦੱਸਿਆ ਕਿ ਅੱਜ ਅਬੋਹਰ ਦੇ ਤਿੰਨ ਕਾਲਜਾਂ ਗੁਰੂ ਨਾਨਕ ਖਾਲਸਾ ਕਾਲਜ, ਭਾਗ ਸਿੰਘ ਹੇਅਰ ਖਾਲਸਾ ਕਾਲਜ ਫਾੱਰ ਗਰਲਜ਼ ਅਤੇ ਗੋਪੀਚੰਦ ਆਰਿਆ ਮਹਿਲਾ ਕਾਲਜ ਵਿਖੇ ਸੈਮੀਨਾਰ ਲਗਾਏ ਗਏ। ਆਭਾ ਆਈ.ਡੀ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਆਪਣੀ ਆਭਾ ਆਈ.ਡੀ ਬਨਾਉਣ ਨਾਲ ਮਰੀਜ਼ ਨੂੰ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿੱਚ ਇਲਾਜ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੇ ਕਾਗਜਾਤ ਜਿਵੇਂ ਮੈਡੀਕਲ ਰਿਪੋਰਟਾਂ, ਐਕਸਰੇ ਆਦਿ ਕੋਈ ਵੀ ਦਸਤਾਵੇਜ ਨਾਲ ਚੁੱਕਣ ਦੀ ਜਰੂਰਤ ਨਹੀਂ ਰਹੇਗੀ, ਕਿਉਂਕਿ ਸਬੰਧਿਤ ਡਾਕਟਰ ਇਹ ਸਾਰਾ ਡਾਟਾ ਆਭਾ ਆਈ.ਡੀ ਤੋਂ ਆਨਲਾਈਨ ਹੀ ਚੈੱਕ ਕਰਨ ਦੇ ਸਮਰਥ ਹੋਣਗੇ ਅਤੇ ਮਰੀਜ਼ ਨੂੰ ਇੱਕ ਤੋਂ ਦੁਸਰੇ ਡਾਕਟਰ ਕੋਲ ਇਲਾਜ ਕਰਵਾਉਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਕਿਹਾ ਕਿ ਅਚਾਨਕ ਸਿਹਤ ਸਮੱਸਿਆ ਆਉਣ ਸਮੇਂ ਪਹਿਲਾਂ ਹੋਏ ਇਲਾਜ ਸਬੰਧੀ ਕਾਗਜਾਤ, ਰਿਪੋਰਟਾਂ ਆਦਿ ਦਿਖਾਉਣੀਆਂ ਪੈਂਦੀਆਂ ਹਨ। ਕਈ ਵਾਰ ਅਜਿਹੀਆਂ ਰਿਪੋਰਟਾਂ ਉਪਲੱਭਧ ਨਾ ਹੋਣ ਕਾਰਨ ਮਰੀਜ਼ ਦੇ ਇਲਾਜ ਵਿਚ ਦੇਰੀ ਹੁੰਦੀ ਸੀ। ਇਸ ਦੇਰੀ ਨੂੰ ਖਤਮ ਕਰਨ ਅਤੇ ਰਿਪੋਰਟਾਂ ਆਦਿ ਦੀ ਅੜਚਣ ਨੂੰ ਖਤਮ ਕਰਨ ਦੇ ਮਨੋਰਥ ਨਾਲ ਆਭਾ ਆਈ.ਡੀ ਬਣਾਈ ਜਾ ਰਹੀ ਹੈ। ਇਸ ਦੇ ਲਈ ਸਰਕਾਰੀ ਹਸਪਤਾਲਾਂ ਵਿਖੇ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਭਾ ਆਈ.ਡੀ, ਸਮੂਹ ਸਿਹਤ ਕੇਂਦਰ ਵਿਚ ਬਿਲਕੁਲ ਮੁਫਤ ਬਣਾਈ ਜਾ ਰਹੀ ਹੈ। ਕੋਈ ਵੀ ਵਿਅਕਤੀ ਇਸਦਾ ਬਾਰ ਕੋਡ ਸਕੈਨ ਕਰਕੇ ਜਾਂ ਆਨਲਾਈਨ ਸਹੂਲਤ ਰਾਹੀਂ ਆਪਣੀ ਆਭਾ ਆਈ.ਡੀ ਖੁਦ ਬਣਾ ਸਕਦਾ ਹੈ, ਜਿਸ ਲਈ ਆਧਾਰ ਕਾਰਡ ਲਿੰਕਡ ਮੋਬਾਇਲ ਨੰਬਰ ਦੀ ਜਰੂਰਤ ਹੁੰਦੀ ਹੈ।