ਗਰਭਵਤੀਆਂ ਦੀ ਸਿਹਤ ਸੰਭਾਲ ਸੇਵਾਵਾਂ ਬਾਰੇ ਦਿੱਤੀ ਜਾਣਕਾਰੀ
ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ 10 ਸਾਲ ਪੂਰੇ ਹੋਣ ਮੌਕੇ ਆਸ਼ਾ ਫੇਸਿਲੀਟੇਟਰਾਂ ਲਈ ਜਾਗਰੂਕਤਾ ਮੀਟਿੰਗ
Publish Date: Mon, 08 Jun 2026 05:05 PM (IST)
Updated Date: Mon, 08 Jun 2026 05:08 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਪੰਜਾਬੀ ਜਾਗਰਣ : ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ 10 ਸਾਲ ਪੂਰੇ ਹੋਣ ਦੇ ਉਪਲੱਖ ਵਿੱਚ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਵਿਖੇ ਸਮੂਹ ਆਸ਼ਾ ਫੇਸਿਲੀਟੇਟਰਾਂ ਲਈ ਜਾਗਰੂਕਤਾ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦਾ ਮੁੱਖ ਉਦੇਸ਼ ਗਰਭਵਤੀ ਮਹਿਲਾਵਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਸਬੰਧੀ ਜਾਗਰੂਕਤਾ ਵਧਾਉਣਾ ਅਤੇ ਸਰਕਾਰੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਸੀ। ਮੀਟਿੰਗ ਦੌਰਾਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਤਾਰੀਖ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਮਹਿਲਾਵਾਂ ਦੀ ਮੁਫ਼ਤ ਅਤੇ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਨ ਦਾ ਮਕਸਦ ਮਾਤਾ ਅਤੇ ਨਵਜਾਤ ਮੌਤ ਦਰ ਵਿੱਚ ਕਮੀ ਲਿਆਉਣਾ ਅਤੇ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਨੂੰ ਉਚਿਤ ਇਲਾਜ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਆਸ਼ਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰਾਂ ਵਿੱਚ ਗਰਭਵਤੀ ਮਹਿਲਾਵਾਂ ਨੂੰ ਹਰ ਮਹੀਨੇ 9 ਤਾਰੀਖ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਨ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਜਾਂਚ ਕੈਂਪ ਅਤੇ ਜਾਗਰੂਕਤਾ ਸੈਸ਼ਨ ਵੀ ਲਗਾਏ ਜਾਣਗੇ। ਮੀਟਿੰਗ ਦੌਰਾਨ ਟੀਕਾਕਰਨ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ, ਜੋ ਲੜਕੀਆਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ।ਇਸ ਤੋਂ ਇਲਾਵਾ ਆਭਾ ਆਈ.ਡੀ. ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਆਭਾ ਆਈ.ਡੀ. ਰਾਹੀਂ ਮਰੀਜ਼ਾਂ ਦਾ ਡਿਜ਼ੀਟਲ ਸਿਹਤ ਰਿਕਾਰਡ ਸੁਰੱਖਿਅਤ ਢੰਗ ਨਾਲ ਸੰਭਾਲਿਆ ਜਾਂਦਾ ਹੈ, ਜਿਸ ਨਾਲ ਇਲਾਜ ਦੀ ਪ੍ਰਕਿਰਿਆ ਆਸਾਨ ਅਤੇ ਸਿਹਤ ਸੇਵਾਵਾਂ ਹੋਰ ਪ੍ਰਭਾਵਸ਼ਾਲੀ ਬਣਦੀਆਂ ਹਨ।ਡਾਕਟਰਾਂ ਨੇ ਐਂਟੀ ਨੇਟਲ ਚੈੱਕਅਪ ਦੀ ਮਹੱਤਤਾ ਉੱਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਨਿਯਮਿਤ ਜਾਂਚਾਂ ਰਾਹੀਂ ਮਾਂ ਅਤੇ ਬੱਚੇ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਅਤੇ ਸੰਭਾਵੀ ਜਟਿਲਤਾਵਾਂ ਦੀ ਸਮੇਂ ਸਿਰ ਪਛਾਣ ਹੋ ਸਕਦੀ ਹੈ।ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਆਸ਼ਾ ਵਰਕਰ ਮਾਤਾ ਅਤੇ ਬੱਚਾ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਸਿਹਤ ਵਿਭਾਗ ਦੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਅਤੇ ਲਾਭਪਾਤਰੀਆਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਾ. ਰਾਜਵੀਰ ਸਿੰਘ, ਮਾਸ ਮੀਡੀਆ ਅਫ਼ਸਰ ਵਿਨੋਦ ਕੁਮਾਰ, ਦਿਵੇਸ਼ ਕੁਮਾਰ, ਵਨੀਤਾ ਰਾਣੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।