ਹਿਊਮਨ ਪੈਪੀਲੋਮਾ ਵਾਇਰਸ ਟੀਕਾਕਰਨ ਬਾਰੇ ਜਾਗਰੂਕਤਾ ਕੈਂਪ ਲਗਾਏ
ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਐਚ.ਪੀ.ਵੀ ਵੈਕਸੀਨੇਸ਼ਨ ਬਾਰੇ ਕੀਤਾ ਜਾਗਰੂਕ
Publish Date: Sat, 28 Mar 2026 04:03 PM (IST)
Updated Date: Sat, 28 Mar 2026 04:05 PM (IST)

ਸਟਾਫ ਰਿਪੋਰਟਰ .ਪੰਜਾਬੀ ਜਾਗਰਣ, ਫਾਜ਼ਿਲਕਾ : ਸਰਕਾਰੀ ਸਕੂਲਾਂ ਵਿਖੇ ਹਿਊਮਨ ਪੈਪੀਲੋਮਾ ਵਾਇਰਸ ਟੀਕਾਕਰਨ ਬਾਰੇ ਜਾਗਰੂਕਤਾ ਕੈਂਪ ਲਗਾਏ ਗਏ। ਸੀਨੀਅਰ ਮੈਡੀਕਲ ਅਫਸਰ ਡਾ. ਸੁਰੇਸ਼ ਕੰਬੋਜ਼ ਦੀ ਨਿਗਰਾਨੀ ਹੇਠ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ ਮੈਡੀਕਲ ਅਫਸਰ ਡਾ. ਸੌਗਾਤ ਜੈਨ, ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਪੀਪੀ ਯੂਨਿਟ ਤੋਂ ਏਐਨਐਮ ਦਿਨੇਸ਼ ਰਾਨੀ, ਲਖਵਿੰਦਰ ਕੌਰ, ਡਿੰਪਲ, ਲੱਛਮੀ ਰਾਣੀ, ਸੁਰਿੰਦਰ ਕੌਰ, ਮ.ਪ.ਹ.ਵ ਭਾਰਤ ਸੇਠੀ ਤੇ ਵੱਖ-ਵੱਖ ਸਕੂਲਾਂ ਦੇ ਮੁਖੀ, ਸਟਾਫ, ਬੱਚੇ ਅਤੇ ਉਹਨਾਂ ਦੇ ਮਾਪੇ ਮੌਜੂਦ ਸਨ। ਇਸ ਮੌਕੇ ਡਾ. ਸੌਗਾਤ ਜੈਨ ਨੇ ਦੱਸਿਆ ਕਿ ਐਚਪੀਵੀ ਵਾਇਰਸ ਔਰਤਾਂ ਵਿੱਚ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ, ਅਤੇ ਸਮੇਂ ਸਿਰ ਟੀਕਾਕਰਨ ਇਸ ਗੰਭੀਰ ਬਿਮਾਰੀ ਤੋਂ ਮਹੱਤਵਪੂਰਨ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਟੀਕਾ 14 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਇਹ ਟੀਕਾ ਮੁਫ਼ਤ ਪ੍ਰਦਾਨ ਕਰ ਰਿਹਾ ਹੈ। ਅਧਿਆਪਕਾਂ ਤੇ ਮਾਪਿਆਂ ਨੂੰ ਮੁਹਿੰਮ ਸਫਲ ਬਣਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਅੱਜ ਅਬੋਹਰ ਦੇ ਬ੍ਰਾਂਚ ਸਕੂਲ, ਬੇਸਿਕ ਸਕੂਲ, ਸਰਕਾਰੀ ਹਾਈ ਸਕੂਲ, ਗੁਰੂ ਨਾਨਕ ਖਾਲਸਾ ਸਕੂਲ, ਸਰਕਾਰੀ ਕੰਨਿਆ ਸਕੂਲ ਆਦਿ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।