ਪੂਰਨ ਸਤਿਗੁਰੂ ਦੀ ਸ਼ਰਣ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ
ਧਾਰਮਿਕ ਗ੍ਰੰਥਾਂ ਦੇ ਪ੍ਰਮਾਣ ਅਨੁਸਾਰ ਪੂਰਨ ਸਤਿਗੁਰੂ ਦੀ ਸ਼ਰਣ ਰਾਹੀਂ ਆਤਮ-ਜਾਗਰਤੀ ਅਤੇ ਪਰਮਾਤਮਾ ਦੀ ਪ੍ਰਾਪਤੀ
Publish Date: Tue, 03 Mar 2026 04:23 PM (IST)
Updated Date: Tue, 03 Mar 2026 04:26 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿੱਚ ਇੱਕ ਵਿਸ਼ਾਲ ਅਤੇ ਆਤਮਿਕ ਮਹੱਤਵ ਵਾਲਾ ਵਿਸ਼ੇਸ਼ ਸਤਸੰਗ ਪ੍ਰੋਗਰਾਮ ਹੋਇਆ।ਜਿਸ ਵਿਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਸੇਵਕ ਗੁਰਮੁਖ ਵੀਰ ਮਸਤਾਨ ਨੇ ਸੰਗਤ ਨੂੰ ਆਤਮ-ਜਾਗਰਤੀ ਅਤੇ ਭਗਤੀ ਮਾਰਗ ਬਾਰੇ ਗਹਿਰੇ ਆਧਿਆਤਮਿਕ ਉਪਦੇਸ਼ ਪ੍ਰਦਾਨ ਕੀਤੇ।ਉਨਾਂ ਨੇ ਆਪਣੇ ਪ੍ਰਵਚਨਾਂ ਵਿੱਚ ਉਲੇਖ ਕੀਤਾ ਕਿ ਵੇਦ, ਉਪਨਿਸ਼ਦ, ਸ਼੍ਰੀਮਦ ਭਗਵਦ ਗੀਤਾ ਅਤੇ ਹੋਰ ਧਾਰਮਿਕ ਗ੍ਰੰਥ ਸਪਸ਼ਟ ਕਰਦੇ ਹਨ ਕਿ ਪੂਰਨ ਗੁਰੂ ਦੀ ਸ਼ਰਨ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਸੰਭਵ ਨਹੀਂ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਜੀਵਨ ਬੜੀ ਮੁਸ਼ਕਲ ਨਾਲ ਮਿਲਦਾ ਹੈ ਅਤੇ ਇਸ ਦਾ ਮੂਲ ਉਦੇਸ਼ ਆਤਮਾ ਨੂੰ ਉਸ ਦੇ ਅਸਲ ਸਰੂਪ ਨਾਲ ਜੋੜਨਾ ਹੈ। ਪਰ ਮਨ ਦੇ ਵਸ ਹੋ ਕੇ ਜੀਵ ਅਗਿਆਨਤਾ ਵਿੱਚ ਫਸਿਆ ਰਹਿੰਦਾ ਹੈ। ਜਦੋਂ ਤਕ ਮਨ ਉੱਤੇ ਕਾਬੂ ਨਹੀਂ ਪਾਇਆ ਜਾਂਦਾ, ਤਦ ਤੱਕ ਸੱਚੀ ਭਗਤੀ ਦਾ ਅਨੁਭਵ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਮਨ ਦੇ ਗੁਲਾਮ ਨਹੀਂ, ਸਗੋਂ ਮਨ ਦੇ ਮਾਲਕ ਬਣ ਕੇ ਜੀਵਨ ਜੀਉਣਾ ਹੀ ਆਤਮਿਕ ਉਤਥਾਨ ਦਾ ਮੂਲ ਮੰਤਰ ਹੈ। ਇਹ ਸ਼ਕਤੀ ਸਿਰਫ਼ ਪੂਰਨ ਸੰਤ ਮਹਾਂਪੁਰਖ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ, ਜੋ ਜੀਵ ਨੂੰ ਅੰਦਰਲੀ ਦਿਵਯ ਜੋਤ ਨਾਲ ਜੋੜ ਕੇ ਅਸਲੀ ਅਨੁਭਵ ਕਰਵਾਉਂਦੇ ਹਨ। ਗੁਰੂ ਦੀ ਦਇਆ ਨਾਲ ਹੀ ਅਗਿਆਨਤਾ ਦਾ ਅੰਧਕਾਰ ਦੂਰ ਹੁੰਦਾ ਹੈ ਅਤੇ ਜੀਵਨ ਵਿੱਚ ਸੁਖ-ਸ਼ਾਂਤੀ ਪ੍ਰਾਪਤ ਹੁੰਦੀ ਹੈ।