ਸਰਕਾਰੀ ਹਾਈ ਸਕੂਲ ਕੇਰੀਆਂ ਵਿਖੇ ਮਾਪਿਆਂ ਲਈ ਵਰਕਸ਼ਾਪ ਲਗਾਈ
ਸਰਕਾਰੀ ਹਾਈ ਸਕੂਲ ਕੇਰੀਆਂ ਵਿਖੇ ਮਾਪਿਆਂ ਦੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਹੋਇਆ
Publish Date: Sun, 08 Feb 2026 04:12 PM (IST)
Updated Date: Sun, 08 Feb 2026 04:14 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਅੱਜ ਸਰਕਾਰੀ ਹਾਈ ਸਕੂਲ ਕੇਰੀਆਂ ਵਿਖੇ ਮਾਪਿਆਂ ਦੀ ਇੱਕ ਵਿਸ਼ੇਸ਼ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਕੂਲ ਦੇ ਮੁੱਖ ਅਧਿਆਪਕਾ ਰਜਨੀ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਦਾ ਮੁੱਖ ਮਨੋਰਥ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਸਾਂਝ ਪੈਦਾ ਕਰਨਾ ਅਤੇ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਮਾਨਸਿਕ ਅਤੇ ਨੈਤਿਕ ਵਿਕਾਸ ਵਿੱਚ ਮਾਪਿਆਂ ਦੀ ਭੂਮਿਕਾ ਨੂੰ ਉਜਾਗਰ ਕਰਨਾ ਸੀ। ਵਰਕਸ਼ਾਪ ਦੌਰਾਨ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਗਿਆ ਕਿ ਬੱਚਾ ਸਕੂਲ ਵਿੱਚ ਜਿੰਨਾ ਸਮਾਂ ਬਿਤਾਉਂਦਾ ਹੈ, ਉਸ ਤੋਂ ਕਿਤੇ ਵੱਧ ਸਮਾਂ ਉਹ ਆਪਣੇ ਘਰ ਪਰਿਵਾਰ ਵਿੱਚ ਗੁਜ਼ਾਰਦਾ ਹੈ, ਇਸ ਲਈ ਮਾਪਿਆਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਕੂਲ ਦੇ ਮਿਹਨਤੀ ਸਟਾਫ ਮੈਂਬਰਾਂ ਜਿਨ੍ਹਾਂ ਵਿੱਚ ਅਸ਼ਵਨੀ ਕੁਮਾਰ, ਸਵਰਨ ਸਿੰਘ, ਵਿਜੇ ਕੁਮਾਰ, ਸੋਨੀਆ, ਹਰਿੰਦਰ ਅਤੇ ਜਸਵੀਰ ਸ਼ਾਮਲ ਸਨ, ਨੇ ਇਸ ਵਰਕਸ਼ਾਪ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਅਹਿਮ ਸਹਿਯੋਗ ਦਿੱਤਾ। ਅਧਿਆਪਕਾਂ ਨੇ ਮਾਪਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਬੱਚਿਆਂ ਨੂੰ ਅਨੁਸ਼ਾਸਨ ਅਤੇ ਚੰਗੇ ਸੰਸਕਾਰ ਦੇਣ ਲਈ ਸਕੂਲ ਅਤੇ ਘਰ ਦਾ ਤਾਲਮੇਲ ਬਹੁਤ ਜ਼ਰੂਰੀ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਕੂਲ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਸਕੂਲ ਦੀ ਬਿਹਤਰੀ ਲਈ ਹਮੇਸ਼ਾ ਤਤਪਰ ਰਹਿਣਗੇ। ਮਾਪਿਆਂ ਨੇ ਵੀ ਵਰਕਸ਼ਾਪ ਦੌਰਾਨ ਮਿਲੀ ਜਾਣਕਾਰੀ ਤੇ ਸੰਤੁਸ਼ਟੀ ਪ੍ਰਗਟਾਈ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਦਾ ਵਾਅਦਾ ਕੀਤਾ। ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਮਾਰੂ ਨਸ਼ਿਆਂ ਅਤੇ ਗਲਤ ਸੰਗਤ ਤੋਂ ਬਚਾਉਣ ਲਈ ਸਾਂਝੀ ਮੁਹਿੰਮ ਚਲਾਉਣ ਤੇ ਜ਼ੋਰ ਦਿੱਤਾ।