‘ਜਲ ਨਹੀਂ ਤੇ ਕੱਲ੍ਹ ਨਹੀਂ’ ਪ੍ਰੋਗਰਾਮ ਕਰਵਾਇਆ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਵਿਖੇ 'ਜਲ ਨਹੀਂ ਤੇ ਕੱਲ੍ਹ ਨਹੀਂ ' ਨਾਮਕ ਪ੍ਰੋਗਰਾਮ ਕਰਵਾਇਆ ਗਿਆ
Publish Date: Mon, 23 Mar 2026 05:09 PM (IST)
Updated Date: Mon, 23 Mar 2026 05:10 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਫਾਜ਼ਿਲਕਾ ਵਿਖੇ ਸੰਸਥਾਨ ਦੇ ਸੰਰਕਸ਼ਣ ਪ੍ਰਕਲਪ ਦੇ ਅੰਤਰਗਤ ‘ਵਿਸ਼ਵ ਜਲ ਦਿਵਸ 2026’ ਦੇ ਮੌਕੇ ਤੇ ‘ਜਲ ਨਹੀਂ ਤੇ ਕੱਲ੍ਹ ਨਹੀਂ’ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਆਈ ਹੋਈ ਸਾਰੀ ਸੰਗਤ ਅਤੇ ਸਮਾਜ ਨੂੰ ਜਲ ਦੀ ਅਮੋਲਕ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਇਸ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਸੀ। ਸਾਧਵੀ ਸੁਮਨ ਭਾਰਤੀ ਨੇ ਜਲ ਦੀ ਅਹਿਮੀਅਤ ‘ਤੇ ਵਿਸਥਾਰ ਨਾਲ ਸਮਝਾਉਂਦਿਆਂ ਕਿਹਾ ਕਿ ਜਲ ਸਿਰਫ਼ ਸਰੀਰਕ ਜੀਵਨ ਦੀ ਲੋੜ ਨਹੀਂ, ਸਗੋਂ ਇਹ ਪ੍ਰਕਿਰਤੀ ਦੀ ਇੱਕ ਪਵਿੱਤਰ ਦਾਤ ਹੈ, ਜੋ ਪਰਮਾਤਮਾ ਵੱਲੋਂ ਮਨੁੱਖਤਾ ਨੂੰ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੰਦਿਆਂ ਕਿਹਾ, ਕਿ ਅੱਜ ਦੇ ਸਮੇਂ ਵਿੱਚ ਜਲ ਦੀ ਬੇਤਹਾਸਾ ਬਰਬਾਦੀ ਮਨੁੱਖਤਾ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ ਅਤੇ ਜੇਕਰ ਅਸੀਂ ਸਮੇਂ ਸਿਰ ਸਚੇਤ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਸੰਗਤ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਸੀਂ ਹਰ ਇਕ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਛੋਟੇ-ਛੋਟੇ ਉਪਰਾਲੇ ਕਰਕੇ ਜਲ ਦੀ ਬਚਤ ਕਰਨੀ ਚਾਹੀਦੀ ਹੈ—ਜਿਵੇਂ ਕਿ ਬਿਨਾਂ ਲੋੜ ਪਾਣੀ ਨਾ ਵਗਣ ਦੇਣਾ, ਵਰਖਾ ਦੇ ਪਾਣੀ ਨੂੰ ਸੰਭਾਲਣਾ ਅਤੇ ਹੋਰਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਾ। ਇਸ ਮੌਕੇ ‘ਤੇ ਬੱਚਿਆਂ ਦੁਆਰਾ ਜਲ ਸੰਰੱਖਣ ਦੇ ਵਿਸ਼ੇ ‘ਤੇ ਇਕ ਸੁੰਦਰ ਨਾਟਕ ਪੇਸ਼ ਕੀਤਾ ਗਿਆ। ਜਿਸ ਵਿੱਚ ਪਾਣੀ ਦੀ ਕਮੀ ਅਤੇ ਇਸ ਦੇ ਨਤੀਜਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਅਤੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਜਲ ਬਿਨਾਂ ਜੀਵਨ ਦੀ ਕਲਪਨਾ ਵੀ ਅਸੰਭਵ ਹੈ। ਸਾਧਵੀ ਅਮਰਾ ਭਾਰਤੀ ਨੇ ਕਿਹਾ ਕਿ ਪੂਰਨ ਗੁਰੂ ਕੁਦਰਤ ਦੀਆਂ ਨਿਆਮਤਾਂ ਦੀ ਕਦਰ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ। ਜਦੋਂ ਮਨੁੱਖ ਗੁਰੂ ਦੀ ਰਹਿਨੁਮਾਈ ਵਿੱਚ ਜੀਵਨ ਬਤੀਤ ਕਰਦਾ ਹੈ, ਤਦ ਉਹ ਜਲ ਵਰਗੀਆਂ ਅਨਮੋਲ ਦਾਤਾਂ ਦੀ ਮਹੱਤਤਾ ਨੂੰ ਵੀ ਸਮਝਦਾ ਹੈ ਅਤੇ ਉਨ੍ਹਾਂ ਦੀ ਸੰਭਾਲ ਨੂੰ ਆਪਣਾ ਫਰਜ਼ ਮੰਨਦਾ ਹੈ। ਇਸ ਮੌਕੇ ‘ਤੇ ਸੰਗਤ ਵੱਲੋਂ ਇਹ ਸੰਕਲਪ ਲਿਆ ਗਿਆ ਕਿ ਉਹ ਜਲ ਦੀ ਹਰ ਬੂੰਦ ਦੀ ਕਦਰ ਕਰਨਗੇ ਅਤੇ ਇਸ ਦੀ ਸੰਭਾਲ ਲਈ ਆਪਣੇ ਜੀਵਨ ਵਿੱਚ ਢੁੱਕਵੇਂ ਕਦਮ ਚੁੱਕਣਗੇ।