ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
Publish Date: Sun, 04 Jan 2026 04:06 PM (IST)
Updated Date: Sun, 04 Jan 2026 04:08 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਸਰਬੰਸਦਾਨੀ ਦਸਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚੱਕ ਅਰਾਈਆਂਵਾਲਾ (ਫਲੀਆਂਵਾਲਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਮੱਧ ਦੇ ਭੋਗ ਪਾਏ ਗਏ ਅਤੇ ਇਸ ਤੋਂ ਬਾਅਦ ਪਿੰਡ ਦੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੋਂ ਇਹ ਨਗਰ ਕੀਰਤਨ ਗ੍ਰੰਥੀ ਸਿੰਘ ਭਾਈ ਬਖਸ਼ੀਸ਼ ਸਿੰਘ ਜੀ ਦੀ ਅਰਦਾਸ ਉਪਰੰਤ ਵਾਹਿਗੁਰੂ ਦੇ ਜਾਪ ਨਾਲ ਸ਼ੁਰੂ ਹੋਇਆ। ਨਗਰ ਕੀਰਤਨ ਦੌਰਾਨ ਕੀਰਤਨੀ ਜਥੇ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੁਰਬਾਨੀਆਂ ਭਰੇ ਜੀਵਨ ਇਤਿਹਾਸ ਬਾਰੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਨਗਰ ਕੀਰਤਨ ਦਾ ਪਿੰਡ ਦੀ ਹਰ ਗਲੀ ਅਤੇ ਚੌਕ ਵਿੱਚ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ਤੇ ਕਈ ਤਰ੍ਹਾਂ ਦੇ ਪ੍ਰਸਾਦ ਵਰਤਾਏ ਗਏ। ਪਾਲਕੀ ਸਾਹਿਬ ਲਈ ਰੁਮਾਲਾ ਸਾਹਿਬ ਭੇਟ ਕੀਤੇ ਗਏ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਗੁਰੂ ਜੀ ਦਾ ਆਸ਼ੀਰਵਾਦ ਲਿਆ। ਫਾਜ਼ਿਲਕਾ ਤੋਂ ਆਈ ਸ੍ਰੀ ਸੁਖਮਨੀ ਸਾਹਿਬ ਚੜ੍ਹਦੀ ਕਲਾ ਗਤਕਾ ਅਖਾੜਾ ਦੀ ਟੀਮ ਨੇ ਸਿੱਖ ਧਰਮ ਦੇ ਇਤਿਹਾਸ ਨੂੰ ਦਰਸਾਉਂਦੇ ਹੋਏ ਗਤਕੇ ਦੇ ਜੌਹਰ ਦਿਖਾਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ, ਉਪਰੰਤ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਦੇਰ ਸ਼ਾਮ ਕੀਰਤਨ ਦਰਬਾਰ ਸਜਾਇਆ ਜਾਵੇਗਾ ਅਤੇ ਸੋਮਵਾਰ 5 ਜਨਵਰੀ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਸਮਾਗਮ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਨੂੰ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ।