ਭਾਰਤ-ਪਾਕਿ ਸਰਹੱਦ ਨੇੜਿਓਂ 6.5 ਕਿੱਲੋ ਹੈਰੋਇਨ ਬਰਾਮਦ
ਭਾਰਤ ਪਾਕ ਸਰਹੱਦ ਨੇੜੀਓਂ 6.5 ਕਿਲੋਗ੍ਰਾਮ ਹੈਰੋਇਨ ਬਰਾਮਦ
Publish Date: Sat, 21 Mar 2026 06:16 PM (IST)
Updated Date: Sun, 22 Mar 2026 04:10 AM (IST)
ਫੋਟੋ ਕੈਪਸ਼ਨ : ਭਾਰਤ ਪਾਕ ਸਰਹੱਦ ਨੇੜਿਓਂ ਬੀਐੱਸਐੱਫ ਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਬੀਓਪੀ ਜੀਜੀ-2, ਪਿੰਡ ਮਹਾਤਮ ਨਗਰ ਤੋਂ ਬਰਾਮਦ ਕੀਤੀ ਗਈ 6.5 ਕਿਲੋਗ੍ਰਾਮ ਹੈਰੋਇਨ।
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ
ਫਾਜ਼ਿਲਕਾ : ਕਾਊਂਟਰ ਇੰਟੈਲੀਜੈਂਸ (ਸੀਆਈ) ਫਿਰੋਜ਼ਪੁਰ ਨੇ ਸੀਮਾ ਸੁਰੱਖਿਆ ਬਲ ਨਾਲ ਤਾਲਮੇਲ ਕਰ ਕੇ ਬਾਰਡਰ ਆਊਟਪੋਸਟ ਬੀਓਪੀ ਜੀਜੀ-2, ਪਿੰਡ ਮਹਾਤਮ ਨਗਰ, ਫਾਜ਼ਿਲਕਾ ਨੇੜਿਓਂ 6.5 ਕਿੱਲੋਗ੍ਰਾਮ ਹੈਰੋਇਨ ਬਰਾਮਦ ਕਰ ਕੇ ਸਰਹੱਦ ਪਾਰੋਂ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਆਧਾਰਤ ਤਸਕਰ ਜ਼ੀਰੋ ਲਾਈਨ ਪਾਰ ਕਰ ਕੇ ਸਰਹੱਦ ’ਤੇ ਲੱਗੀ ਕੰਡਿਆਲੀ ਵਾੜ ਨੇੜੇ ਪਹੁੰਚ ਗਏ ਤੇ ਹਨੇਰੇ ਦਾ ਫਾਇਦਾ ਉਠਾ ਕੇ ਉਨ੍ਹਾਂ ਭਾਰਤ ਦੇ ਖੇਤਰ ’ਚ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਘੁਸਪੈਠ ਨੂੰ ਰੋਕਣ ਲਈ ਚੌਕਸ ਬੀਐੱਸਐੱਫ ਦੇ ਜਵਾਨਾਂ ਨੇ ਕਈ ਰਾਊਂਡ ਗੋਲ਼ੀਆਂ ਚਲਾਈਆਂ, ਜਿਸ ਮਗਰੋਂ ਵਿਸਥਾਰਤ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਗਈ। ਏਆਈਜੀ ਸੀਆਈ ਫਿਰੋਜ਼ਪੁਰ ਦੱਸਿਆ ਕਿ ਭਰੋਸੇਯੋਗ ਸੂਚਨਾਵਾਂ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਬੀਐੱਸਐੱਫ ਫਾਜ਼ਿਲਕਾ ਨਾਲ ਮਿਲ ਕੇ ਸ਼ਨਿਚਰਵਾਰ ਸਵੇਰੇ ਵਿਸ਼ੇਸ਼ ਘਾਤ ਲਗਾ ਕੇ ਹਮਲਾ ਕਰਨ ਦੀ ਯੋਜਨਾ ਬਣਾਈ ਤੇ ਪਿੰਡ ਮਹਿਤਮ ਨਗਰ, ਫਾਜ਼ਿਲਕਾ, ਜਿੱਥੋਂ ਪਾਕਿਸਤਾਨੀ ਤਸਕਰ ਖੇਪ ਨੂੰ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਦੇ ਖੇਤਰ ’ਚ ਸਾਂਝਾ ਗੁਪਤ ਆਪ੍ਰੇਸ਼ਨ ਚਲਾਇਆ। ਉਨ੍ਹਾਂ ਕਿਹਾ ਕਿ ਬੀਐੱਸਐੱਫ ਤਾਇਨਾਤ ਜਵਾਨਾਂ ਨੇ ਜਵਾਬੀ ਕਾਰਵਾਈ ’ਚ ਤੁਰੰਤ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਤੇ ਇਸ ਆਪ੍ਰੇਸ਼ਨ ਦੇ ਨਤੀਜੇ ਵਜੋਂ ਮੌਕੇ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ। ਉਨ੍ਹਾਂ ਕਿਹਾ ਕਿ ਐੱਸਐੱਸਓਸੀ ਫਾਜ਼ਿਲਕਾ ਵਿਖੇ ਐੱਨਡੀਪੀਐੱਸ ਐਕਟ ਦੀ ਧਾਰਾ 21-ਸੀ ਤੇ 29 ਤਹਿਤ ਐੱਫਆਈਆਰ ਨੰਬਰ 07 ਮਿਤੀ 21-03-2026 ਦਰਜ ਕਰ ਕੇ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਤੇ ਸਥਾਨਕ ਤਸਕਰ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।