1158 ਸਹਾਇਕ ਪ੍ਰੋਫ਼ੈਸਰ ਤੇ ਲਾਇਬਰੇਰੀਅਨ ਸੀ.ਐੱਮ. ਭਗਵੰਤ ਮਾਨ ਕੋਲ ਗੁਹਾਰ ਲਾਉਣਗੇ
1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬਰੇਰੀਅਨ ਸੀ.ਐੱਮ. ਭਗਵੰਤ ਮਾਨ ਕੋਲ ਗੁਹਾਰ ਲਾਉਣਗੇ
Publish Date: Wed, 01 Apr 2026 04:09 PM (IST)
Updated Date: Wed, 01 Apr 2026 04:10 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਮਾਲਵਾ ਇਕਾਈ ਦੇ ਸਰਕਾਰੀ ਕਾਲਜਾਂ ਦੇ 1158 ਭਰਤੀ ਅਧੀਨ ਨਿਯੁਕਤ ਹੋਏ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੁਆਰਾ ਵੱਖ-ਵੱਖ ਕਾਲਜਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਵਿੱਚ ਸੂਬਾ ਪੱਧਰੀ ਟੀਮ ਨਾਲ ਸਲਾਹ ਮਸ਼ਵਰਾ ਕਰਕੇ ਫੈਸਲਾ ਕੀਤਾ ਗਿਆ ਕਿ ਸੀ.ਐਮ. ਭਗਵੰਤ ਮਾਨ ਦੀ ਅੱਜ 2 ਅਪ੍ਰੈਲ ਫਾਜ਼ਿਲਕਾ ਰੈਲੀ ਦੌਰਾਨ ਉਹ ਮੁੱਖ ਮੰਤਰੀ ਪੰਜਾਬ ਕੋਲ ਉਚੇਰੀ ਸਿੱਖਿਆ ਅਤੇ ਆਪਣੇ ਰੁਜ਼ਗਾਰ ਦੇ ਸੰਕਟ ਬਾਰੇ ਗੁਹਾਰ ਲਾਉਣਗੇ। ਪ੍ਰੋਫ਼ੈਸਰ ਜਸਕਰਨ ਸਿੰਘ ਨੇ ਕਿਹਾ ਕਿ ਆਪ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ ਵਿੱਚੋਂ ਉਚੇਰੀ ਸਿੱਖਿਆ ਦਾ ਮਸਲਾ ਤਾਂ ਪੂਰੀ ਤਰ੍ਹਾਂ ਹੀ ਗਾਇਬ ਹੈ। ਸਰਕਾਰੀ ਕਾਲਜ ਲਗਾਤਾਰ ਬੰਦ ਕੀਤੇ ਜਾ ਰਹੇ ਹਨ ਕਾਲਜਾਂ ਨੂੰ ਲੋੜੀਂਦੇ ਫੰਡ ਅਤੇ ਗਰਾਂਟਾਂ ਜਾਰੀ ਨਹੀਂ ਹੋ ਰਹੀਆਂ। 1158 ਸਹਾਇਕ ਪ੍ਰੋਫ਼ੈਸਰ ਗ਼ਰੀਬ-ਲੋੜਵੰਦ ਵਿਦਿਆਰਥੀਆਂ ਅਤੇ ਸਰਕਾਰੀ ਕਾਲਜਾਂ ਨੂੰ ਬਚਾਉਣ ਦੀ ਗੱਲ ਕਰਦੇ ਹਨ ਜਿਸ ਕਰਕੇ ਸਰਕਾਰ ਉਹਨਾਂ ਨੂੰ ਆਪਣੀ ਨਿੱਜੀਕਰਨ ਦੇ ਏਜੰਡੇ ਵਿੱਚ ਰੋੜਾ ਸਮਝਦੀ ਹੈ। ਇਸੇ ਸਾਜਿਸ਼ ਤਹਿਤ ਉਹਨਾਂ ਦਾ ਰੁਜ਼ਗਾਰ ਖਤਮ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਪ੍ਰੋਫ਼ੈਸਰ ਰੇਨੂ ਬਾਲਾ ਨੇ ਕਿਹਾ ਕਿ ਲੋਕਤੰਤਰਿਕ ਢਾਂਚੇ ਵਿੱਚ ਸਭ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਇਸੇ ਸਿਲਸਿਲੇ ਤਹਿਤ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨ ਵਲੋਂ 02 ਅਪ੍ਰੈਲ ਨੂੰ ਮੁੜ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਹੈ। ਜੇਕਰ ਹੁਣ ਸਿੱਖਿਆ ਮੰਤਰੀ ਇਸ ਮੀਟਿੰਗ ਤੋਂ ਵੀ ਮੁੱਕਰਦੇ ਹਨ ਤਾਂ ਆਪ ਸਰਕਾਰ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੀਟਿੰਗ ਵਿੱਚ ਐੱਮ.ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ, ਸਰਕਾਰੀ ਕਾਲਜ ਸੁਖਚੈਨ, ਜਲਾਲਾਬਾਦ, ਅਬੋਹਰ, ਫਰੀਦਕੋਟ, ਬਠਿੰਡਾ, ਮੁਕਤਸਰ, ਜੀਰਾ ਅਤੇ ਕੋਟਕਪੂਰਾ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿਨਾਂ ਨੇ ਬਾਅਦ ਵਿੱਚ ਆਪੋ-ਆਪਣੇ ਹਲਕੇ ਦੇ ਡਿਪਟੀ ਕਮਿਸ਼ਨਰਾਂ ਅਤੇ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਵੀ ਸੌਂਪੇ।