ਵਰਲਡ ’ਵਰਸਿਟੀ ਨੇ ਲਾਇਆ ਕਾਨੂੰਨੀ ਜਾਗਰੂਕਤਾ ਕੈਂਪ
ਵਰਲਡ ਯੂਨੀਵਰਸਿਟੀ ਨੇ ਲਗਾਇਆ ਕਾਨੂੰਨੀ ਜਾਗਰੂਕਤਾ ਕੈਂਪ
Publish Date: Mon, 16 Feb 2026 05:33 PM (IST)
Updated Date: Mon, 16 Feb 2026 05:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆਗਿਆ। ਇਹ ਕੈਂਪ ਅੰਤਰਰਾਸ਼ਟਰੀ ਮਹਿਲਾ ਜਨਨ ਅੰਗਾਂ ਦੀ ਹਾਨੀਕਾਰਕ ਕਟਾਈ ਵਿਰੁੱਧ ਜ਼ੀਰੋ ਟੋਲਰੈਂਸ ਦਿਵਸ ਨੂੰ ਸਮਰਪਿਤ ਸੀ ਤੇ ‘ਔਰਤਾਂ ਤੇ ਬੱਚਿਆਂ ਦੀ ਸੁਰੱਖਿਆ’ ਵਿਸ਼ੇ ’ਤੇ ਕੇਂਦਰਿਤ ਸੀ। ਇਸ ਦਾ ਮੁੱਖ ਉਦੇਸ਼ ਸਕੂਲੀ ਵਿਦਿਆਰਥੀਆਂ ਅਤੇ ਸਮਾਜ ਵਿਚ ਕਾਨੂੰਨੀ ਜਾਗਰੂਕਤਾ ਵਧਾਉਣਾ ਸੀ। ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਵਿਦਿਆਰਥੀਆਂ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਅਧਿਨਿਯਮ 2005, ਬੱਚਿਆਂ ਨੂੰ ਯੌਨ ਸ਼ੋਸ਼ਣ ਤੋਂ ਸੁਰੱਖਿਆ ਅਧਿਨਿਯਮ (ਪੌਕਸੋ ਐਕਟ) 2012, ਬੱਚਿਆਂ ਦੇ ਅਧਿਕਾਰ ਤੇ ਭਲਾਈ ਪ੍ਰਣਾਲੀਆਂ ਤੇ ਮਹਿਲਾਵਾਂ ਤੇ ਬੱਚਿਆਂ ਦੇ ਅਧਿਕਾਰਾਂ ਦੀ ਸੰਵਿਧਾਨਕ ਸੁਰੱਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਾਨੂੰਨੀ ਧਾਰਾਵਾਂ ਤੋਂ ਇਲਾਵਾ ਅਸਲ ਜੀਵਨ ਦੀਆਂ ਸਥਿਤੀਆਂ ਤੇ ਰੋਜ਼ਾਨਾ ਜੀਵਨ ਵਿਚ ਕਾਨੂੰਨੀ ਜਾਗਰੂਕਤਾ ਦੀ ਲੋੜ ’ਤੇ ਵੀ ਚਾਨਣਾ ਪਾਇਆ ਗਿਆ। ਇੰਟਰੈਕਟਿਵ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਆਪਣੇ ਸ਼ੰਕੇ ਦੂਰ ਕੀਤੇ ਅਤੇ ਕਾਨੂੰਨੀ ਮੁੱਦਿਆਂ ’ਤੇ ਗਹਿਰੀ ਚਰਚਾ ਕੀਤੀ। ਪ੍ਰੋ. (ਡਾ.) ਅਮੀਤਾ ਕੌਸ਼ਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਫਜੀਐਮ ਵਿਰੁੱਧ ਕੌਮਾਂਤਰੀ ਦਿਵਸ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀਆਂ ਹਾਨਿਕਾਰਕ ਪ੍ਰਥਾਵਾਂ ਨੂੰ ਖਤਮ ਕਰਨ ਲਈ ਵਿਸ਼ਵ ਪੱਧਰੀ ਅਭਿਆਨ ਹੈ। ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਕਾਨੂੰਨੀ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸਕੂਲ ਪ੍ਰਿੰਸੀਪਲ ਰਜਿੰਦਰ ਸਿੰਘ ਨੂੰ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਡਾ. ਨਵਨੀਤ ਕੌਰ ਨੇ ਕੀਤਾ ਜਦਕਿ ਡਾ. ਮੋਹਲੀਨ ਕੌਰ, ਸੁਸ਼ਰੀ ਨੂਰਕਮਲ ਕੌਰ ਅਤੇ ਵਿਦਿਆਰਥੀ ਸੇਵਾਦਾਰਾਂ ਨੇ ਮਿਲ ਕੇ ਇਸ ਨੂੰ ਸਫਲ ਬਣਾਇਆ।