ਪਿੰਡ ਚਨਾਰਥਲ ਕਲਾਂ ਵਿਖੇ ਲਾਇਆ ਜਾਗਰੂਕਤਾ ਕੈਂਪ
ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਨੇ ਪਿੰਡ ਚਨਾਰਥਲ ਕਲਾਂ ਵਿਖੇ ਲਗਾਇਆ ਜਾਗਰੂਕਤਾ ਕੈਂਪ
Publish Date: Thu, 09 Apr 2026 04:57 PM (IST)
Updated Date: Fri, 10 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਪੰਜਾਬ ਦੇ ਵੱਲੋਂ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿਖੇ ਸਿਹਤ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੇ ਵਿਚ ਪਹੁੰਚਣ ਵਾਲੇ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਮਹਿੰਗੇ ਮਹਿੰਗੇ ਟੈਸਟ ਵੀ ਬਿਲਕੁਲ ਮੁਫ਼ਤ ਦੇ ਵਿਚ ਕੀਤੇ ਗਏ। ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਅਜਿਹੇ ਕੈਂਪਾਂ ਦੇ ਨਾਲ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ ਤਾਂ ਜੋ ਉਹ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਸ਼ੁਰੂਆਤੀ ਲੱਛਣਾਂ ਵਿਚ ਹੀ ਆਪਣਾ ਇਲਾਜ ਕਰਵਾ ਸਕਣ। ਇਨ੍ਹਾਂ ਕੈਂਪਾਂ ਦੇ ਦੌਰਾਨ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਔਰਤਾਂ ਦੀ ਛਾਤੀ ਦਾ ਕੈਂਸਰ, ਗਦੂਦ ਦਾ ਕੈਂਸਰ ਆਦਿ ਦੇ ਟੈਸਟ ਬਿਲਕੁਲ ਮੁਫ਼ਤ ਦੇ ਵਿਚ ਕੀਤੇ ਜਾਂਦੇ ਹਨ। ਆਉਣ ਵਾਲੇ ਦਿਨਾਂ ਦੇ ਵਿਚ ਹਲਕੇ ਦੇ ਹੋਰ ਪਿੰਡਾਂ ਦੇ ਵਿਚ ਵੀ ਅਜਿਹੇ ਕੈਂਪ ਲਗਾਏ ਜਾਣਗੇ ਤਾਂ ਜੋ ਆਮ ਲੋਕਾਂ ਨੂੰ ਕੈਂਸਰ ਵਰਗੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸਾਨੂੰ ਆਪਣਾ ਖਾਣ-ਪੀਣ ਸਹੀ ਕਰਨ ਦੀ, ਜੇ ਅਸੀਂ ਆਪਣਾ ਖਾਣ ਪੀਣ ਸਹੀ ਕਰ ਲਿਆ ਤਾਂ ਅਸੀਂ 50 ਫ਼ੀਸਦੀ ਬਿਮਾਰੀਆਂ ਤੋਂ ਖ਼ੁਦ ਹੀ ਬਚ ਸਕਦੇ ਹਾਂ। ਇਸ ਮੌਕੇ ਪਿੰਡ ਦੇ ਸਰਪੰਚ ਰਾਜਦੀਪ ਰਾਜੂ ਨੇ ਦੱਸਿਆ ਕਿ ਕੈਂਪ ਦੇ ਦੌਰਾਨ 310 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਉਨ੍ਹਾਂ ਦੇ ਸਾਰੇ ਟੈਸਟ ਮੁਫ਼ਤ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸਐੱਮਓ ਡਾ. ਸੁਰਿੰਦਰ ਸਿੰਘ, ਦਿਲਪ੍ਰੀਤ ਸਿੰਘ ਭੱਟੀ, ਗੁਰਪ੍ਰੀਤ ਸਿੰਘ ਭਿੰਡਰ, ਕੁਲਵੰਤ ਸਿੰਘ, ਕੁਲਬੀਰ ਸਿੰਘ, ਭੁਪਿੰਦਰ ਸਿੰਘ, ਸਵਰਨਜੀਤ ਸਿੰਘ ਪ੍ਰਧਾਨ ਕੋਅਪ੍ਰੇਟਿਵ ਸੁਸਾਇਟੀ ਚਨਾਰਥਲ ਕਲਾਂ, ਡਾ. ਬਲਜਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਭਜਨ ਸਿੰਘ ਮੈਂਬਰ ਬਲਾਕ ਸੰਮਤੀ, ਅੰਮ੍ਰਿਤ ਪਾਲ ਸਿੰਘ, ਬੋਬੀ ਪੰਚ, ਸਰਪੰਚ ਗੁਰਬਾਜ ਸਿੰਘ ਰਾਜੂ ਸਰਪੰਚ ਚਨਾਰਥਲ ਖ਼ੁਰਦ, ਭੁਪਿੰਦਰ ਸਿੰਘ, ਭਜਨ ਸਿੰਘ, ਸਰਬਜੀਤ ਸਿੰਘ ਸਰਬੀ, ਸਰਪੰਚ ਅਰਸ਼ਦੀਪ ਸਿੰਘ, ਸਰਪੰਚ ਹਰਜਿੰਦਰ ਸਿੰਘ ਪੰਡਰਾਲੀ, ਪੰਚ ਨਾਜਰ ਸਿੰਘ ਆਦਿ ਵੀ ਮੌਜੂਦ ਸਨ।