ਛੇਵੀਂ ਤੋਂ ਬਾਰ੍ਹਵੀਂ ਤਕ ਦੇ ਅਧਿਆਪਕਾਂ ਲਈ ਲਾਈ ਵਰਕਸ਼ਾਪ
ਓਮ ਪ੍ਰਕਾਸ਼ ਬਾਂਸਲ ਸਕੂਲ ਦੇ ਛੇਵੀ ਤੋਂ ਬਾਰਵੀਂ ਤੱਕ ਦੇ ਅਧਿਆਪਕਾਂ ਲਈ ਵਰਕਸਾਪ ਆਯੋਜਿਤ
Publish Date: Sat, 31 Jan 2026 04:52 PM (IST)
Updated Date: Sat, 31 Jan 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਅਧਿਆਪਕਾਂ ਲਈ ‘ਆਫ਼ਤ ਪ੍ਰਬੰਧਨ’ ’ਤੇ ਇੱਕ ਰੋਜ਼ਾ ਸੀਬੀਐਸਈ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ ਗਈ, ਜਿਸ ਦਾ ਉਦੇਸ਼ ਅਧਿਆਪਕਾਂ ਨੂੰ ਆਫ਼ਤ ਤਿਆਰੀ, ਰੋਕਥਾਮ ਅਤੇ ਐਮਰਜੈਂਸੀ ਪ੍ਰਤੀਕਿਰਿਆ ਬਾਰੇ ਸੰਵੇਦਨਸ਼ੀਲ ਬਣਾਉਣਾ ਸੀ ਜਿਸ ਨਾਲ ਸਕੂਲ ਅਤੇ ਭਾਈਚਾਰੇ ਦੇ ਅੰਦਰ ਸੁਰੱਖਿਆ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਵਰਕਸ਼ਾਪ ਦਾ ਸੰਚਾਲਨ ਸੀਬੀਐੱਸਈ ਸਰੋਤ ਵਿਅਕਤੀ ਨੇਹਾ ਵਿਜ (ਪੀਜੀਟੀ, ਚੰਡੀਗੜ੍ਹ ਬੈਪਟਿਸਟ ਸਕੂਲ, ਚੰਡੀਗੜ੍ਹ) ਅਤੇ ਡਾ. ਰੀਮਾ ਬਾਠਲਾ (ਪ੍ਰਿੰਸੀਪਲ, ਸੇਂਟ ਟੈਰੇਸਾ ਕਾਨਵੈਂਟ ਸਕੂਲ, ਪੰਚਕੂਲਾ) ਵੱਲੋਂ ਕੀਤਾ ਗਿਆ। ਨਿਸ਼ਾ ਅਤੇ ਮੀਨਾਕਸ਼ੀ ਨੇ ਸਰੋਤ ਵਿਅਕਤੀ ਅਤੇ ਹਿੱਸਾ ਲੈਣ ਵਾਲੇ ਅਧਿਆਪਕਾਂ ਨੂੰ ਜੀ ਆਇਆਂ ਆਖਿਆ। ਸੈਸ਼ਨਾਂ ਵਿਚ ਆਫ਼ਤ ਪ੍ਰਬੰਧਨ ਦੀ ਜ਼ਰੂਰਤ, ਸਕੂਲ ਦੀ ਭੂਮਿਕਾ, ਆਫ਼ਤਾਂ ਦੀਆਂ ਕਿਸਮਾਂ, ਸਕੂਲ ਆਫ਼ਤ ਪ੍ਰਬੰਧਨ ਯੋਜਨਾਵਾਂ, ਸਕੂਲ ਆਫ਼ਤ ਪ੍ਰਬੰਧਨ ਕਮੇਟੀਆਂ ਦਾ ਗਠਨ, ਭਾਈਚਾਰਕ ਭਾਗੀਦਾਰੀ, ਮੁੱਢਲੀ ਸਹਾਇਤਾ ਅਤੇ ਸਦਮੇ ਤੋਂ ਬਾਅਦ ਪ੍ਰਬੰਧਨ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕੀਤੀ ਗਈ ਅਤੇ ਅਧਿਆਪਕਾਂ ਨੂੰ ਕੇਸ ਸਟੱਡੀ ਰਾਹੀਂ ਵਿਹਾਰਕ ਅਨੁਭਵ ਪ੍ਰਦਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਸਰੋਤ ਵਿਅਕਤੀ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਵਰਕਸ਼ਾਪ ਨੇ ਸਾਨੂੰ ਸਿਖਾਇਆ ਕਿ ਆਫ਼ਤ ਪ੍ਰਬੰਧਨ ਸਿਰਫ਼ ਇਕ ਵਿਸ਼ਾ ਨਹੀਂ ਹੈ ਸਗੋਂ ਇਕ ਜ਼ਿੰਮੇਵਾਰੀ ਹੈ। ਸਕੂਲ ਇਕ ਅਜਿਹੀ ਜਗਾ ਹੈ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਆ, ਚੌਕਸੀ ਅਤੇ ਸਹਿਯੋਗ ਦੇ ਮੁੱਲ ਸਿਖਾਏ ਜਾਂਦੇ ਹਨ। ‘ਅੱਜ ਲਈ ਤਿਆਰੀ, ਕੱਲ੍ਹ ਲਈ ਸੁਰੱਖਿਆ’ ਇਹ ਸਿਰਫ਼ ਇਕ ਲਾਈਨ ਨਹੀਂ ਸਗੋਂ ਇਕ ਜੀਵਨ ਬਚਾਉਣ ਵਾਲਾ ਸੰਦੇਸ਼ ਹੈ। ਉਨ੍ਹਾਂ ਆਸ ਕੀਤੀ ਕਿ ਸਾਡੇ ਅਧਿਆਪਕ ਅੱਜ ਪ੍ਰਾਪਤ ਗਿਆਨ ਦੀ ਵਰਤੋਂ ਸਕੂਲ ਅਤੇ ਸਮਾਜ ਵਿਚ ਸੁਰੱਖਿਆ ਸੱਭਿਆਚਾਰ ਵਿਕਸਤ ਕਰਨ ਲਈ ਕਰਨਗੇ। ਉਨ੍ਹਾਂ ਸਰੋਤ ਵਿਅਕਤੀ ਅਤੇ ਭਾਗੀਦਾਰਾਂ ਦਾ ਧੰਨਵਾਦ ਵੀ ਕੀਤਾ।