ਜਲ ਸਪਲਾਈ ਕੰਟਰੈਕਟ ਵਰਕਰਾਂ ਵੱਲੋਂ ਵਿੱਤ ਮੰਤਰੀ ਵਿਰੁੱਧ ਅਰਥੀ ਫੂਕ ਮੁਜ਼ਾਹਰਾ
ਜਲ ਸਪਲਾਈ ਕੰਟਰੈਕਟ ਵਰਕਰਾਂ ਵੱਲੋਂ ਵਿੱਤ ਮੰਤਰੀ ਵਿਰੁੱਧ ਅਰਥੀ ਫੂਕ ਮੁਜ਼ਾਹਰਾ
Publish Date: Tue, 20 Jan 2026 04:56 PM (IST)
Updated Date: Tue, 20 Jan 2026 04:57 PM (IST)

ਫ਼ੋਟੋ ਫ਼ਾਈਲ : 4 ਅਰਥੀ ਫੂਕ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ ਜਲ ਸਪਲਾਈ ਕੰਟਰੈਕਟ ਵਰਕਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਬ੍ਰਾਂਚਾਂ ਖੇੜਾ, ਬਸੀ ਪਠਾਣਾਂ, ਖਮਾਣੋਂ ਅਤੇ ਅਮਲੋਹ ਵਿਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਬ੍ਰਾਂਚ ਪੱਧਰੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਬ੍ਰਾਂਚ ਆਗੂਆਂ ਦਵਿੰਦਰ ਸਿੰਘ ਖੰਟ (ਖਮਾਣੋਂ ਅਤੇ ਬਸੀ ਪਠਾਣਾਂ), ਗੁਰਪ੍ਰੀਤ ਸਿੰਘ (ਅਮਲੋਹ) ਅਤੇ ਨਿਰਮਲ ਸਿੰਘ (ਬਲਾਕ ਖੇੜਾ) ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਪੇਂਡੂ ਜਲ ਸਪਲਾਈ ਸਕੀਮਾਂ ’ਤੇ 15 ਤੋਂ 20 ਸਾਲਾਂ ਤੋਂ ਲਗਾਤਾਰ ਸੇਵਾਵਾਂ ਨਿਭਾ ਰਹੇ ਇਨਲਿਸਟਮੈਂਟ ਤੇ ਆਊਟਸੋਰਸ ਠੇਕਾ ਵਰਕਰਾਂ ਨੂੰ ਤਜਰਬੇ ਮੁਤਾਬਕ ਵਿਭਾਗ ਵਿਚ ਮਰਜ ਕਰਕੇ ਪੱਕਾ ਰੁਜ਼ਗਾਰ ਦੇਣ ਦੀ ਮੰਗ ਨੂੰ ਲੈ ਕੇ ਯੂਨੀਅਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਵਿਭਾਗੀ ਪ੍ਰਬੰਧਕ ਲਾਰੇ ਲਗਾ ਕੇ ਸਮਾਂ ਬਤੀਤ ਕਰ ਰਹੇ ਹਨ, ਨਾਲ ਹੀ ਸਕਾਡਾ ਸਿਸਟਮ, ਬਲਾਕ ਪੱਧਰੀ ਨਹਿਰੀ ਪ੍ਰੋਜੈਕਟ ਅਤੇ ਪੰਚਾਇਤੀਕਰਨ/ਨਿੱਜੀਕਰਨ ਵਰਗੀਆਂ ਨੀਤੀਆਂ ਰਾਹੀਂ ਵਰਕਰਾਂ ਦੇ ਕੱਚੇ ਰੁਜ਼ਗਾਰ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਪੀਣ ਵਾਲਾ ਪਾਣੀ ਕਾਰਪੋਰੇਟਾਂ ਨੂੰ ਮਹਿੰਗੇ ਦਰਾਂ ’ਤੇ ਵੇਚਣ ਦਾ ਰਾਹ ਖੁੱਲ੍ਹ ਰਿਹਾ ਹੈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਵੱਖ-ਵੱਖ ਥਾਵਾਂ ’ਤੇ ਵਰਕਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਯੂਨੀਅਨ ਨੇ ਐਲਾਨ ਕੀਤਾ ਕਿ 24 ਜਨਵਰੀ 2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (ਚੇਅਰਮੈਨ, ਕੈਬਨਿਟ ਸਬ-ਕਮੇਟੀ) ਦੇ ਵਿਧਾਨ ਸਭਾ ਹਲਕੇ ਦੀੜ੍ਹਬਾ ਦੀ ਅਨਾਜ ਮੰਡੀ ਵਿਚ ਜ਼ਿਲ੍ਹੇ ਦੇ ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ/ਆਊਟਸੋਰਸ ਵਰਕਰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਮੁੱਖ ਮੰਗਾਂ ਵਿਚ ਠੇਕਾ ਵਰਕਰਾਂ ਨੂੰ ਪੱਕਾ ਕਰਨ, ਈਪੀਐਫ ਅਤੇ ਈਐਸਆਈ ਵਰਗੀਆਂ ਸਹੂਲਤਾਂ ਦੇਣ, ਘੱਟੋ-ਘੱਟ ਤਨਖ਼ਾਹ 34,244 ਰੁਪਏ ਲਾਗੂ ਕਰਨ, 58 ਸਾਲ ਉਮਰ ਪੂਰੀ ਕਰ ਚੁੱਕੇ ਵਰਕਰਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਅਤੇ ਪੰਚਾਇਤੀਕਰਨ, ਸਕਾਡਾ ਪ੍ਰਣਾਲੀ ਵਰਗੀਆਂ ਨੀਤੀਆਂ ਵਾਪਸ ਲੈਣ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਪੂਰਅਮਨ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਕਮੇਟੀ ਦੇ ਸਮੂਹ ਮੈਂਬਰ ਅਤੇ ਵਰਕਰ ਸਾਥੀ ਮੌਜੂਦ ਸਨ।