ਪਾਈਨ ਗਰੋਵ ਪਬਲਿਕ ਸਕੂਲ 'ਚ ਵਿਦਿਆਰਥੀਆਂ ਦਾ ਕੀਤਾ ਸਵਾਗਤ
ਪਾਈਨ ਗਰੋਵ ਪਬਲਿਕ ਸਕੂਲ 'ਚ ਨਵੇਂ ਸੈਸ਼ਨ ਦੇ ਮੌਕੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ
Publish Date: Wed, 08 Apr 2026 05:37 PM (IST)
Updated Date: Wed, 08 Apr 2026 05:41 PM (IST)

ਯਤਿੰਦਰ ਸਾਂਵਰਾ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਈਨ ਗਰੋਵ ਪਬਲਿਕ ਸਕੂਲ ਵਿਚ ਸੈਸ਼ਨ 2026-27 ਦੀ ਸ਼ੁਰੂਆਤ ਖੁਸ਼ੀ ਤੇ ਉਤਸ਼ਾਹ ਨਾਲ ਕੀਤੀ ਗਈ। ਇਸ ਦੌਰਾਨ ਸਕੂਲ ਅਧਿਆਪਕਾਂ ਵਲੋਂ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਰੰਗ-ਬਿਰੰਗੇ ਸਵਾਗਤੀ ਕਾਰਡ, ਟਾਫ਼ੀਆਂ, ਚਾਕਲੇਟਾਂ ਅਤੇ ਛੋਟੇ-ਛੋਟੇ ਤੋਹਫ਼ੇ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ ਅਤੇ ਸਾਰਾ ਪ੍ਰਬੰਧ ਇਸ ਤਰ੍ਹਾਂ ਕੀਤਾ ਗਿਆ ਕਿ ਵਿਦਿਆਰਥੀਆਂ ਨੂੰ ਸਕੂਲ ਵਿੱਚ ਪਹਿਲੇ ਦਿਨ ਤੋਂ ਹੀ ਘਰ ਵਰਗਾ ਅਹਿਸਾਸ ਹੋਵੇ ਅਤੇ ਉਹ ਖ਼ੁਸ਼ੀ-ਖ਼ੁਸ਼ੀ ਆਪਣੀ ਪੜ੍ਹਾਈ ਦੀ ਸ਼ੁਰੂਆਤ ਕਰਨ। ਨਵੇਂ ਦਾਖਲ ਹੋਏ ਛੋਟੇ ਬੱਚਿਆਂ ਲਈ ਖ਼ਾਸ ਤੌਰ ਤੇ ਅਧਿਆਪਕਾਂ ਵਲੋਂ ਮਿੱਤਰਤਾ ਭਰਿਆ ਮਾਹੌਲ ਤਿਆਰ ਕੀਤਾ ਗਿਆ। ਅਧਿਆਪਕਾ ਨੇ ਬੱਚਿਆਂ ਨਾਲ ਪਿਆਰ ਅਤੇ ਧੀਰਜ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਨ ਵਿਚੋਂ ਡਰ ਅਤੇ ਘਬਰਾਹਟ ਦੂਰ ਕੀਤੀ। ਇਸ ਮੌਕੇ ਸਕੂਲ ਦੇ ਕਲਾਸ ਰੂਮ ਨੂੰ ਬਹੁਤ ਹੀ ਆਕਰਸ਼ਕ ਢੰਗ ਨਾਲ ਸਜਾਇਆ ਗਿਆ, ਜਿਸ ਨਾਲ ਬੱਚਿਆਂ ਵਿੱਚ ਸਿੱਖਿਆ ਦੀ ਰੁਚੀ ਹੋਰ ਵਧੀ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਵਿਜੇ ਕੌਸ਼ਲ, ਚੇਅਰਮੈਨ ਵੀਣਾ ਕੌਸ਼ਲ, ਡਾਇਰੈਕਟਰ ਵਿਕਾਸ ਕੌਸ਼ਲ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਜੀਵਨ ਵਿਚ ਅੱਗੇ ਵਧਣ ਦਾ ਮਜ਼ਬੂਤ ਆਧਾਰ ਹੈ। ਸਕੂਲ ਦੇ ਪ੍ਰਿੰਸੀਪਲ ਮੈਡਮ ਨੀਤੂ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ, ਸਮੇਂ ਦੀ ਪਾਬੰਦੀ, ਸਫ਼ਾਈ ਅਤੇ ਆਦਰ-ਸਨਮਾਨ ਵਰਗੀਆਂ ਚੰਗੀਆਂ ਆਦਤਾਂ ਅਪਣਾਉਣ ਲਈ ਵੀ ਪ੍ਰੇਰਿਆ।