ਐੱਸਡੀ ਮਾਡਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ
ਐੱਸਡੀ ਮਾਡਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ
Publish Date: Mon, 13 Apr 2026 06:40 PM (IST)
Updated Date: Mon, 13 Apr 2026 06:43 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਐੱਸਡੀ ਮਾਡਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਇਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਉਲੀਕਿਆ ਗਿਆ। ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਭਾਸ਼ਣ ਦਿੱਤੇ ਅਤੇ ਦੱਸਿਆ ਕਿ ਕਿਵੇਂ ਅੱਜ ਦੇ ਦਿਨ 1699 ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਗੱਭਰੂਆਂ ਵੱਲੋਂ ਪਾਏ ਭੰਗੜੇ ਦੇ ਨਾਲ-ਨਾਲ ਮੁਟਿਆਰਾਂ ਵੱਲੋਂ ਪਾਏ ਗਏ ਰਵਾਇਤੀ ਗਿੱਧੇ ਅਤੇ ਮਿੱਠੀਆਂ ਬੋਲੀਆਂ ਨੇ ਸਭ ਦਾ ਮਨ ਮੋਹ ਲਿਆ। ਸਕੂਲ ਦਾ ਵਿਹੜਾ ਪੰਜਾਬੀ ਵਿਰਸੇ ਦੇ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਸੀ। ਸਕੂਲ ਦੇ ਛੋਟੇ ਬੱਚਿਆਂ ਨੇ ਪੰਜਾਬੀ ਪਹਿਰਾਵੇ ਵਿਚ ਸਜ ਕੇ ਪੰਜਾਬੀ ਸੱਭਿਆਚਾਰ ਦੀ ਸੁੰਦਰ ਪੇਸ਼ਕਾਰੀ ਕੀਤੀ। ਸਮਾਗਮ ਦਾ ਸਭ ਤੋਂ ਪ੍ਰਭਾਵਸ਼ਾਲੀ ਹਿੱਸਾ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਝਾਕੀਆਂ ਸਨ, ਜੋ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਖੇ ਹੋਏ ਖ਼ੂਨੀ ਹੱਤਿਆਕਾਂਡ ਦੀ ਯਾਦ ਦਿਵਾਉਂਦੀਆਂ ਸਨ। ਵਿਦਿਆਰਥੀਆਂ ਨੇ ਨਾਟਕ ਰਾਹੀਂ ਦਿਖਾਇਆ ਕਿ ਕਿਸ ਤਰ੍ਹਾਂ ਨਿਹੱਥੇ ਭਾਰਤੀਆਂ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਹ ਦ੍ਰਿਸ਼ ਦੇਖ ਕੇ ਹਰ ਅੱਖ ਨਮ ਹੋ ਗਈ ਅਤੇ ਸਭ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ। ਸਕੂਲ ਦੇ ਚੇਅਰਮੈਨ ਐਕਾਂਸ਼ ਢੰਡ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਇਤਿਹਾਸ ’ਤੇ ਮਾਣ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਅਰਚਨਾ ਗੁਪਤਾ ਨੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਇਤਿਹਾਸ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ। ਪ੍ਰੋਗਰਾਮ ਦੇ ਅਖੀਰ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।