ਪਸ਼ੂਆਂ ਨੂੰ ਮੂੰਹਖੁਰ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਸ਼ੁਰੂ
ਪਸ਼ੂਆਂ ਨੂੰ ਮੂੰਹਖੁਰ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਮੁਹਿੰਮ ਸ਼ੁਰੂ
Publish Date: Sun, 19 Apr 2026 05:24 PM (IST)
Updated Date: Mon, 20 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜਿਲ੍ਹੇ ਪਸ਼ੂਆਂ ਨੂੰ ਮੂੰਹਖੁਰ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮੁਹਿੰਮ 29 ਮਈ 2026 ਤੱਕ ਚੱਲੇਗੀ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਇੱਕ ਲੱਖ ਛਪੰਜਾ ਹਜ਼ਾਰ ਇੱਕ ਸੌ ਦੋ ਪਸ਼ੂਆਂ ਨੂੰ ਟੀਕਾ ਲਗਾਇਆ ਜਾਵੇਗਾ। ਵਿਭਾਗ ਦੀਆਂ ਇੱਕ ਤੀਹ ਟੀਮਾਂ ਘਰ ਘਰ ਜਾ ਕੇ ਮੱਝਾਂ ਅਤੇ ਗਊਆਂ ਨੂੰ ਮੁਫ਼ਤ ਟੀਕਾਕਰਨ ਕਰਨਗੀਆਂ। ਇਹ ਟੀਕਾਕਰਨ ਸਾਲ ਵਿਚ ਦੋ ਵਾਰ ਲਗਾਇਆ ਜਾਂਦਾ ਹੈ।
ਡਾ. ਜਗਦੀਪ ਸਿੰਘ ਨੇ ਕਿਹਾ ਕਿ ਲਗਾਤਾਰ ਟੀਕਾਕਰਨ ਨਾਲ ਮੂੰਹਖੁਰ ਬਿਮਾਰੀ ਉੱਤੇ ਕਾਫੀ ਕੰਟਰੋਲ ਹੋ ਚੁੱਕਾ ਹੈ ਅਤੇ ਹੁਣ ਇਸ ਨੂੰ ਜੜ੍ਹੋਂ ਖਤਮ ਕਰਨ ਲਈ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਬਹੁਤ ਛੂਤੀ ਹੈ ਅਤੇ ਇਸ ਨਾਲ ਪਸ਼ੂਆਂ ਨੂੰ ਤੇਜ਼ ਬੁਖਾਰ, ਮੂੰਹ ਵਿਚ ਲਾਰ ਅਤੇ ਮੂੰਹ, ਪੈਰਾਂ ਤੇ ਬਣਾਂ ਵਿਚ ਛਾਲੇ ਪੈ ਜਾਂਦੇ ਹਨ। ਇਸ ਕਾਰਨ ਦੁੱਧ ਉਤਪਾਦਨ ਘੱਟ ਹੋ ਜਾਂਦਾ ਹੈ ਅਤੇ ਪ੍ਰਜਨਣ ਸਮਰੱਥਾ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਬਿਮਾਰੀ ਇੱਕ ਪਸ਼ੂ ਤੋਂ ਦੂਜੇ ਵਿਚ ਤੇਜ਼ੀ ਨਾਲ ਫੈਲਦੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਦੇ ਸਹਿਯੋਗ ਨਾਲ ਸਾਰੇ ਯੋਗ ਪਸ਼ੂਆਂ ਦਾ ਟੀਕਾਕਰਨ ਕਰਵਾਉਣ ਨਾਲ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਅਤੇ ਪਸ਼ੂ ਪਾਲਣ ਕਿੱਤੇ ਨੂੰ ਹੁਲਾਰਾ ਮਿਲੇਗਾ। ਡਾ ਜਗਦੀਪ ਸਿੰਘ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਦੀਆਂ ਟੀਮਾਂ ਨਾਲ ਪੂਰਾ ਸਹਿਯੋਗ ਕਰਨ ਅਤੇ ਆਪਣੇ ਸਾਰੇ ਯੋਗ ਪਸ਼ੂਆਂ ਨੂੰ 100 ਫੀਸਦੀ ਟੀਕਾਕਰਣ ਲਗਵਾਉਣ।