ਯੂਨੀਵਰਸਿਟੀ ਨੇ ਇੰਟਰ ਡਿਪਾਰਟਮੈਂਟ ਕ੍ਰਿਕਟ ਟੂਰਨਾਮੈਂਟ ਕਰਵਾਇਆ
ਯੂਨੀਵਰਸਿਟੀ ਨੇ ਇੰਟਰ ਡਿਪਾਰਟਮੈਂਟ ਕ੍ਰਿਕਟ ਟੂਰਨਾਮੈਂਟ ਕਰਵਾਇਆ
Publish Date: Thu, 05 Feb 2026 07:02 PM (IST)
Updated Date: Thu, 05 Feb 2026 07:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵੱਲੋਂ ਵਿਦਿਆਰਥੀਆਂ ਵਿਚ ਖੇਡ ਪ੍ਰਤੀ ਉਤਸ਼ਾਹ, ਟੀਮ ਸਪਿਰਿਟ ਅਤੇ ਸਿਹਤਮੰਦ ਮੁਕਾਬਲੇ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਲਈ 28 ਤੋਂ 29 ਜਨਵਰੀ 2026 ਤੱਕ ਬਾਬਾ ਫਤਿਹ ਸਿੰਘ ਖੇਡ ਸਟੇਡੀਅਮ ਵਿਚ ਇੰਟਰ ਡਿਪਾਰਟਮੈਂਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ. ) ਸੁਖਵਿੰਦਰ ਸਿੰਘ ਬਿਲਿੰਗ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਦੀ ਆਤਮਾ ਅਨੁਸਾਰ ਖੇਡਣ, ਅਨੁਸ਼ਾਸਨ, ਮਿਹਨਤ ਅਤੇ ਸਦਭਾਵਨਾ ਨੂੰ ਜੀਵਨ ਵਿਚ ਆਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਨਹੀਂ, ਸਗੋਂ ਨੇਤ੍ਰਤਵ, ਜ਼ਿੰਮੇਵਾਰੀ ਤੇ ਵਿਅਕਤੀਗਤ ਵਿਕਾਸ ਨੂੰ ਉਭਾਰਨ ਦਾ ਮਜ਼ਬੂਤ ਸਾਧਨ ਹਨ। ਦੋ ਦਿਨ ਚਲੇ ਇਸ ਟੂਰਨਾਮੈਂਟ ’ਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀਆਂ 19 ਟੀਮਾਂ ਨੇ ਜੋਸ਼ ਅਤੇ ਉੱਚ ਦਰਜੇ ਦੀ ਖੇਡ ਭਾਵਨਾ ਨਾਲ ਭਾਗ ਲਿਆ ਅਤੇ ਦਰਸ਼ਕਾਂ ਨੂੰ ਰੋਮਾਂਚਕ ਮੁਕਾਬਲਿਆਂ ਦਾ ਗਵਾਹ ਬਣਾਇਆ। ਇਸ ਮੌਕੇ ਰਜਿਸਟਰਾਰ ਪ੍ਰੋ. (ਡਾ. ) ਤੇਜ਼ਬੀਰ ਸਿੰਘ, ਡੀਨ ਵਿਦਿਆਰਥੀ ਭਲਾਈ, ਡਾ. ਸਿਕੰਦਰ ਸਿੰਘ ਅਤੇ ਡਾ. ਸਰਪ੍ਰੀਤ ਸਿੰਘ, ਡੀਨ ਅਲੂਮਨੀ ਨੇ ਵੀ ਹਾਜ਼ਰੀ ਭਰ ਕੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਅਤੇ ਉਨ੍ਹਾਂ ਨੂੰ ਖੇਡਾਂ ਵਿਚ ਨਵੀਆਂ ਸਫਲਤਾਵਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਵਿਭਾਗ ਸਰੀਰਕ ਸਿੱਖਿਆ ਅਤੇ ਖੇਡ ਟੈਕਨੋਲੋਜੀ ਦੇ ਮੁਖੀ ਡਾ. ਵਰਿੰਦਰ ਸਿੰਘ ਭੁੱਲਰ ਨੇ ਆਏ ਹੋਏ ਸਾਰੇ ਵਿਸ਼ੇਸ਼਼ ਮਹਿਮਾਨਾਂ ਦਾ ਸਵਾਗਤ ਕੀਤਾ। ਟੂਰਨਾਮੈਂਟ ਦੇ ਨਤੀਜਿਆਂ ਅਨੁਸਾਰ ਪਹਿਲਾ ਸਥਾਨ ਸਰੀਰਕ ਸਿੱਖਿਆ ਵਿਭਾਗ ਨੇ, ਦੂਜਾ ਸਥਾਨ ਕੰਪਿਊਟਰ ਸਾਇੰਸ ਵਿਭਾਗ ਨੇ ਅਤੇ ਤੀਜਾ ਸਥਾਨ ਲਾਅ ਵਿਭਾਗ ਨੇ ਹਾਸਲ ਕੀਤਾ। ਵਿਅਕਤੀਗਤ ਪ੍ਰਦਰਸ਼ਨ ਵਿਚ ਜਗਨਪ੍ਰੀਤ ਸਿੰਘ (ਕੰਪਿਊਟਰ ਸਾਇੰਸ) ਨੂੰ ਬੈਸਟ ਪਲੇਅਰ, ਵਿਰਾਟ ਮੀਨਾ (ਸਰੀਰਕ ਸਿੱਖਿਆ) ਨੂੰ ਬੈਸਟ ਬਾਲਰ ਅਤੇ ਅਮ੍ਰਿਤਪਾਲ ਸਿੰਘ ਨੂੰ ਮੈਨ ਆਫ਼ ਦ ਸੀਰੀਜ਼ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਅੰਤ ’ਚ ਟਰਾਫੀਆਂ ਅਤੇ ਸਰਟੀਫਿਕੇਟਾਂ ਦੇ ਨਾਲ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਯੂਨੀਵਰਸਿਟੀ ਦੇ ਖੇਡ ਕੈਲੰਡਰ ਦਾ ਇਕ ਯਾਦਗਾਰ ਅਧਿਆਇ ਸਾਬਤ ਹੋਇਆ, ਜਿਸ ਨੇ ਇਹ ਦਰਸਾਇਆ ਕਿ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਿਰਫ਼ ਅਕਾਦਮਿਕ ਹੀ ਨਹੀਂ, ਸਗੋਂ ਖੇਡਾਂ ਅਤੇ ਸਰਵੰਗੀਣ ਵਿਕਾਸ ਵਿਚ ਵੀ ਅੱਗੇ ਰਹਿਣ ਲਈ ਵਚਨਬੱਧ ਹੈ।