ਟ੍ਰੈਫਿਕ ਪੁਲਿਸ ਨੇ ਵਧਾਈ ਸਖ਼ਤੀ, 103 ਚਾਲਾਨ ਤੇ ਜੁਗਾੜੂ ਰੇਹੜੀਆਂ ਬੰਦ
ਟ੍ਰੈਫਿਕ ਪੁਲਿਸ ਨੇ ਵਧਾਈ ਸਖ਼ਤੀ, 103 ਚਲਾਨ ਅਤੇ ਜੁਗਾੜੂ ਰੇਹੜੀਆਂ ਬੰਦ
Publish Date: Sun, 08 Mar 2026 04:45 PM (IST)
Updated Date: Sun, 08 Mar 2026 04:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸੜਕੀ ਹਾਦਸਿਆਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ 103 ਵਾਹਨ ਚਾਲਕਾਂ ਦੇ ਚਾਲਾਨ ਕੀਤੇ ਗਏ ਅਤੇ ਦੋ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕੀਤਾ ਗਿਆ। ਡੀਐੱਸਪੀ ਇੰਦਰਪ੍ਰੀਤ ਸਿੰਘ ਬਡੂੰਗਰ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਸੈਮੀਨਾਰ ਕਰਕੇ ਚਾਲਕਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੁਗਾੜੂ ਵਾਹਨ ਮਾਨਤਾ ਪ੍ਰਾਪਤ ਕੰਪਨੀਆਂ ਵੱਲੋਂ ਨਹੀਂ ਬਣਾਏ ਜਾਂਦੇ ਅਤੇ ਇਹ ਸੜਕੀ ਸੁਰੱਖਿਆ ਮਿਆਰਾਂ ’ਤੇ ਖਰੇ ਨਹੀਂ ਉਤਰਦੇ। ਇਹ ਵਾਹਨ ਵੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਚਾਲਕਾਂ ਤੋਂ ਇਲਾਵਾ ਹੋਰ ਰਾਹਗੀਰਾਂ ਦੀ ਜਾਨ ਨੂੰ ਵੀ ਖ਼ਤਰੇ ਵਿਚ ਪਾਉਂਦੇ ਹਨ। ਡੀਐੱਸਪੀ ਨੇ ਸਪੱਸ਼ਟ ਕੀਤਾ ਕਿ ਜੁਗਾੜੂ ਵਾਹਨ ਮੋਟਰਵ੍ਹੀਕਲ ਐਕਟ ਅਧੀਨ ਰਜਿਸਟਰਡ ਨਹੀਂ ਹੁੰਦੇ ਅਤੇ ਇਨ੍ਹਾਂ ਨੂੰ ਸੜਕ ’ਤੇ ਚਲਾਉਣਾ ਗੈਰਕਾਨੂੰਨੀ ਹੈ। ਟ੍ਰੈਫਿਕ ਪੁਲਿਸ ਨੇ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣ। ਫਿਲਹਾਲ ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਪਰ ਜੇਕਰ ਜੁਗਾੜੂ ਵਾਹਨਾਂ ਦੀ ਵਰਤੋਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਵਾਹਨ ਜ਼ਬਤ ਕੀਤੇ ਜਾਣਗੇ। ਇਸੇ ਤਰ੍ਹਾਂ ਬੀਤੇ ਦਿਨ ਸਰਹਿੰਦ ਸ਼ਹਿਰ ਵਿਚ ਇਕ ਜੁਗਾੜੂ ਮੋਟਰਸਾਈਕਲ ਰੇਹੜੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਉਸ ਦੀ ਭਾਲ ਕਰ ਰਹੀ ਹੈ।