ਫਿਜ਼ੀਓਥੈਰੇਪੀ ਵਿੱਚ ਵਿਚਾਰਾਂ ਨੂੰ ਪੇਟੈਂਟ ਵਿੱਚ ਬਦਲਣਾ ਵਿਸ਼ੇ ‘ਤੇ ਵਰਕਸ਼ਾਪ
ਥਿੰਕ ਪੇਟੈਂਟ: ਫਿਜ਼ੀਓਥੈਰੇਪੀ ਵਿੱਚ ਵਿਚਾਰਾਂ ਨੂੰ ਪੇਟੈਂਟ ਵਿੱਚ ਬਦਲਣਾ ਵਿਸ਼ੇ ‘ਤੇ ਵਰਕਸ਼ਾਪ
Publish Date: Sun, 08 Mar 2026 04:31 PM (IST)
Updated Date: Sun, 08 Mar 2026 04:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ‘ਥਿੰਕ ਪੇਟੈਂਟ: ਫਿਜ਼ੀਓਥੈਰੇਪੀ ਵਿਚ ਵਿਚਾਰਾਂ ਨੂੰ ਪੇਟੈਂਟ ਵਿਚ ਬਦਲਣਾ’ ਵਿਸ਼ੇ ’ਤੇ ਇੱਕ ਹੱਥੀਂ ਵਰਕਸ਼ਾਪ ਦਾ ਸਫਲਤਾਪੂਰਵਕ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਫਿਜ਼ੀਓਥੈਰੇਪੀ ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਵਿਚ ਨਵੀਨਤਾ, ਬੌਧਿਕ ਸੰਪਤੀ ਬਾਰੇ ਜਾਗਰੂਕਤਾ ਤੇ ਖੋਜ-ਮੁਖੀ ਸੋਚ ਨੂੰ ਉਤਸ਼ਾਹਿਤ ਕਰਨਾ ਸੀ। ਇਹ ਪ੍ਰੋਗਰਾਮ ਮੈਡੀਕਲ ਸਾਇੰਸਜ਼ ਫੈਕਲਟੀ ਦੇ ਡੀਨ ਡਾ. ਪੰਕਜਪ੍ਰੀਤ ਸਿੰਘ ਅਤੇ ਫਿਜ਼ੀਓਥੈਰੇਪੀ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਡਾ. ਸੁਪ੍ਰੀਤ ਬਿੰਦਰਾ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਵਰਕਸ਼ਾਪ ਲਈ ਵਿਸ਼ੇਸ਼ ਸਰੋਤ ਵਿਅਕਤੀ ਡਾ. ਸੌਗਾਤਾ ਪਾਂਡਾ, ਐਸੋਸੀਏਟ ਪ੍ਰੋਫੈਸਰ, ਫਿਜ਼ੀਓਥੈਰੇਪੀ ਵਿਭਾਗ, ਚੰਡੀਗੜ੍ਹ ਯੂਨੀਵਰਸਿਟੀ ਸਨ। ਆਪਣੇ ਵਿਅਖਿਆਨ ਦੌਰਾਨ ਡਾ. ਪਾਂਡਾ ਨੇ ਪੇਟੈਂਟ ਦੇ ਬੁਨਿਆਦੀ ਸਿਧਾਂਤਾਂ, ਕਲੀਨਿਕਲ ਅਭਿਆਸ ’ਚ ਨਵੀਨਤਾਕਾਰੀ ਵਿਚਾਰਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ, ਦਸਤਾਵੇਜ਼ੀ ਲੋੜਾਂ ਤੇ ਪੇਟੈਂਟ ਦਾਇਰ ਕਰਨ ਦੀ ਕਦਮ-ਦਰ-ਕਦਮ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸੀਆ। ਉਨ੍ਹਾਂ ਭਾਗੀਦਾਰਾਂ ਨੂੰ ਆਪਣੇ ਨਵੇਂ ਵਿਚਾਰਾਂ ਨੂੰ ਯੋਜਨਾਬੱਧ ਢੰਗ ਨਾਲ ਵਿਕਸਤ ਕਰਨ ਅਤੇ ਉਨ੍ਹਾਂ ਦੀ ਬੌਧਿਕ ਸੰਪਤੀ ਵਜੋਂ ਸੁਰੱਖਿਆ ਕਰਨ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਫਿਜ਼ੀਓਥੈਰੇਪੀ ਵਿਭਾਗ ਦੀ ਇਸ ਅਕਾਦਮਿਕ ਪਹਿਲਕਦਮੀ ਦੀ ਸ਼ਲਾਘਾ ਕੀਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਵੀ ਵਿਭਾਗ ਵੱਲੋਂ ਖੋਜ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਅਤੇ ਨਤੀਜਾ-ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਡਾ. ਸੁਪ੍ਰੀਤ ਬਿੰਦਰਾ ਨੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਨਿਰੰਤਰ ਉਤਸ਼ਾਹ ਅਤੇ ਸਹਿਯੋਗ ਦੇਣ ਲਈ ਧੰਨਵਾਦ ਪ੍ਰਗਟ ਕੀਤਾ। ਵਰਕਸ਼ਾਪ ਦਾ ਸਮਾਪਨ ਇਕ ਇੰਟਰਐਕਟਿਵ ਚਰਚਾ ਸੈਸ਼ਨ ਨਾਲ ਹੋਇਆ, ਜਿਸ ਦੌਰਾਨ ਭਾਗੀਦਾਰਾਂ ਨੂੰ ਪੇਟੈਂਟ ਫਾਈਲਿੰਗ ਤੇ ਖੋਜ ਵਿਕਾਸ ਨਾਲ ਸੰਬੰਧਿਤ ਆਪਣੇ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰਨ ਦਾ ਮੌਕਾ ਮਿਲਿਆ।