ਅਮਲੋਹ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਬੁਲੰਦ
ਅਮਲੋਹ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਬੁਲੰਦ
Publish Date: Fri, 10 Apr 2026 05:15 PM (IST)
Updated Date: Fri, 10 Apr 2026 05:17 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਬੀਤੇ ਦਿਨੀਂ ਸਵੇਰੇ ਮੂੰਹ ਹਨੇਰੇ ਇਕ ਸੰਘਣੀ ਆਬਾਦੀ ਵਾਲੀ ਗਲੀ ’ਚੋਂ ਦਫ਼ਤਰ ਸਾਹਮਣੇ ਖੜ੍ਹੀ ਇਕ ਕਾਰ ਚੋਰੀ ਕਰ ਕੇ ਲੈ ਗਏ। ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿਚ ਕੈਦ ਹੋ ਗਈ। ਕਾਰ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਅਮਲੋਹ ਪੁਲਿਸ ਨੂੰ ਕੀਤੀ ਗਈ ਹੈ। ਕਾਰ ਮਾਲਕ ਜਸਵਿੰਦਰ ਸਿੰਘ ਵਾਸੀ ਵਾਰਡ ਨੰਬਰ 11 ਨੇ ਦੱਸਿਆ ਕਿ ਉਸ ਦੀ ਸਵਿਫਟ ਕਾਰ ਉਸ ਦੇ ਦਫਤਰ ਅੱਗੇ ਖੜ੍ਹੀ ਸੀ ਜੋ 8 ਅਪ੍ਰੈਲ ਸਵੇਰੇ 4 ਵਜੇ ਦੇ ਕਰੀਬ ਚੋਰੀ ਹੋ ਗਈ ਹੈ। ਜਸਵਿੰਦਰ ਦਾ ਕਹਿਣਾ ਹੈ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਚੋਰੀ ਦੀ ਰਿਪੋਰਟ ਨਹੀਂ ਲਿਖੀ ਕੇਵਲ ਇਕ ਲਿਖਤੀ ਸ਼ਿਕਾਇਤ ਲੈ ਕੇ ਰੱਖ ਲਈ ਹੈ। ਸੀਸੀਟੀਵੀ ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬੁੱਧਵਾਰ ਸਵੇਰੇ ਕਰੀਬ ਸਾਢੇ ਤਿੰਨ ਵਜੇ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਰਡ ਨੰਬਰ 6 ਵਿਚ ਆਏ। ਇਕ ਨੌਜਵਾਨ ਜਸਵਿੰਦਰ ਸਿੰਘ ਦੇ ਦਫਤਰ ਅੱਗੇ ਖੜ੍ਹੀ ਕਾਰ ਨੇੜੇ ਉਤਰ ਗਿਆ ਦੂਜਾ ਮੋਟਰਸਾਈਕਲ ਲੈ ਕੇ ਚਲਾ ਗਿਆ। ਥੋੜੀ ਦੇਰ ਬਾਅਦ ਮੋਟਰਸਾਈਕਲ ਵਾਲਾ ਨੌਜਵਾਨ ਵੀ ਵਾਪਸ ਆ ਗਿਆ। ਇਨ੍ਹਾਂ ਨੇ ਕਾਰ ਖੋਲ੍ਹ ਲਈ ਪਰ ਕਾਰ ਸਟਾਰਟ ਨਹੀਂ ਹੋਈ। ਇਨ੍ਹਾਂ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਦੇਖੇ ਕਿ ਇਹ ਕਾਰ ਨੂੰ ਧੱਕਾ ਲਾ ਕੇ ਮੋਟਰਸਾਈਕਲ ਦੀ ਮਦਦ ਨਾਲ ਪੈਰ ਲਾ ਕੇ ਚੋਰੀ ਕਰ ਕੇ ਲੈ ਗਏ। ਇਸ ਸਾਰੇ ਘਟਨਾਕ੍ਰਮ ਨੂੰ ਤਕਰੀਬਨ ਸੱਤ ਮਿੰਟ ਦਾ ਟਾਈਮ ਲੱਗਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਮੁਤਾਬਿਕ ਇਹ ਚੋਰ ਕਾਰ ਨੂੰ ਅੰਨੀਆ ਰੋਡ ਵੱਲ ਲੈ ਗਏ ਜਿੱਥੋਂ ਅਬਰੋਲ ਰਾਈਸ ਮਿਲ ਤੱਕ ਦਿਖਾਈ ਦਿੰਦੇ ਹਨ ਪਰ ਅੱਗੇ ਪਤਾ ਨਹੀਂ ਚਲਾ ਕਿੱਥੇ ਗਏ। ਸ਼ਹਿਰ ਵਿਚ ਇਸ ਤਰ੍ਹਾਂ ਦੀ ਚੋਰੀ ਨੂੰ ਲੈ ਕੇ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।