ਯੂਨੀਵਰਸਿਟੀ ਨੇ ਮਹਿਲਾ ਸਸ਼ਕਤੀਕਰਨ ਸੰਬੰਧੀ ਗਤੀਵਿਧੀਆਂ ਕਰਵਾਈਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵੱਲੋਂ ਮਹਿਲਾ ਸਸ਼ਕਤੀਕਰਨ ਵਿਸ਼ੇ ‘ਤੇ ਕੇਂਦਰਿਤ ਵੱਖ-ਵੱਖ ਸਾਰਥਕ ਗਤੀਵਿਧੀਆਂ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਪ੍ਰੋਗਰਾਮ ਵਿਭਾਗ ਮੁਖੀ ਡਾ. ਹਰਨੀਤ ਬਿਲਿੰਗ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਔਰਤਾਂ ਦੀ ਸਿਹਤ, ਲਿੰਗ ਸਮਾਨਤਾ ਅਤੇ ਸਮਾਜ ਦੇ ਨਿਰਮਾਣ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਵਿਭਾਗ ਦੇ ਫਿਜ਼ੀਕਲ ਫਿਟਨੈੱਸ ਐਂਡ ਵੈਲਨੈੱਸ ਕਲੱਬ ਅਤੇ ਸੈਂਟਰ ਫਾਰ ਆਰਟ ਐਂਡ ਯੋਗਾ ਐਜੂਕੇਸ਼ਨ ਦੇ ਸਹਿਯੋਗ ਨਾਲ ‘ਸੰਤੁਲਨ, ਤਾਕਤ ਤੇ ਸ਼ਾਂਤੀ: ਯੋਗ ਰਾਹੀਂ ਔਰਤਾਂ ਦੀ ਤੰਦਰੁਸਤੀ’ ਵਿਸ਼ੇ ਹੇਠ ਯੋਗਾ ਅਤੇ ਵੈਲਨੈੱਸ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਪਰਮੇਸ਼ਰ ਸਿੰਘ ਅਤੇ ਗੁਰਵਿੰਦਰ ਕੌਰ ਵੱਲੋਂ ਕੀਤਾ ਗਿਆ। “ਬ੍ਰੇਕ ਦ ਸਟੀਰੀਓਟਾਈਪਸ” ਨਾਮਕ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਸਮਾਜ ’ਚ ਮਹਿਲਾਵਾਂ ਨਾਲ ਜੁੜੀਆਂ ਰੂੜ੍ਹੀਵਾਦੀ ਧਾਰਨਾਵਾਂ ’ਤੇ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਪ੍ਰਤੀਕਾਤਮਕ ਤੌਰ ’ਤੇ ਰੱਦ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਬੈਚ 2025 ਦੇ ਵਿਦਿਆਰਥੀਆਂ ਨੇ ਹਰਮਨਪ੍ਰੀਤ ਕੌਰ ਦੇ ਤਾਲਮੇਲ ਹੇਠ “ਨਾਰੀ ਨੂੰ ਸਿੱਖਿਆ ਦਿਓ, ਸੰਸਾਰ ਨੂੰ ਸਸ਼ਕਤ ਬਣਾਓ” ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਮਾਈਮ ਪ੍ਰਦਰਸ਼ਨ ਪੇਸ਼ ਕੀਤਾ। ਇਸ ਮੌਕੇ ਮਹਿਲਾ ਸਸ਼ਕਤੀਕਰਨ ਤੇ ਲਿੰਗ ਸਮਾਨਤਾ ਬਾਰੇ ਜਾਗਰੂਕਤਾ ਵਧਾਉਣ ਲਈ ਬੈਚ 2024 ਦੇ ਵਿਦਿਆਰਥੀਆਂ ਲਈ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਮਹਿਲਾਵਾਂ ਦੀਆਂ ਪ੍ਰਾਪਤੀਆਂ ਅਤੇ ਜੀਵਨ ਦੇ ਹਰ ਖੇਤਰ ਵਿੱਚ ਸਮਾਨ ਮੌਕਿਆਂ ਦੀ ਲੋੜ ਬਾਰੇ ਪ੍ਰੇਰਣਾਦਾਇਕ ਭਾਸ਼ਣ ਪੇਸ਼ ਕੀਤੇ। ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਸੁਮਨਜੀਤ ਕੌਰ ਨੇ ਦੂਜਾ ਸਥਾਨ ਅਤੇ ਮਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ‘ਤੇ ਰਚਨਾਤਮਕ ਅਭਿਵੈਕਤੀ ਨੂੰ ਉਤਸ਼ਾਹਿਤ ਕਰਨ ਲਈ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਵੀ ਕਰਵਾਏ ਗਏ। ਪੋਸਟਰ ਮੁਕਾਬਲੇ ਵਿੱਚ ਸਿਮਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਗੁਲਸ਼ਨਪ੍ਰੀਤ ਕੌਰ ਅਤੇ ਸੁਖਲੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਜੈਸਮੀਨ ਕੌਰ ਨੇ ਪਹਿਲਾ, ਕਮਲਜੀਤ ਕੌਰ ਨੇ ਦੂਜਾ ਅਤੇ ਪਰਮਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨ ਵਿਦਿਆਰਥੀਆਂ ’ਚ ਸਨਮਾਨ, ਸਮਾਨਤਾ ਅਤੇ ਸਸ਼ਕਤੀਕਰਨ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹਨ।