ਤੀਜੀ ਪ੍ਰਮੋਸ਼ਨਲ ਮੈਰਾਥਨ 13 ਮਾਰਚ ਨੂੰ ਡੀਬੀਯੂ ਵਿਖੇ ਹੋਵੇਗੀ
ਤੀਜੀ ਪ੍ਰਮੋਸ਼ਨਲ ਮੈਰਾਥਨ 13 ਮਾਰਚ ਨੂੰ ਡੀਬੀਯੂ ਵਿਖੇ ਹੋਵੇਗੀ
Publish Date: Sun, 08 Mar 2026 04:18 PM (IST)
Updated Date: Sun, 08 Mar 2026 04:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਨੌਜਵਾਨਾਂ ਨੂੰ ਖੇਡਾਂ ਤੇ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਤੀਜੀ ਪ੍ਰਮੋਸ਼ਨਲ ਮੈਰਾਥਨ 13 ਮਾਰਚ ਨੂੰ ਦੇਸ਼ ਭਗਤ ਯੂਨੀਵਰਸਿਟੀ ਵਿਖੇ ਕੀਤੀ ਜਾਵੇਗੀ। ਇਸ ਦਾ ਅਧਿਕਾਰਕ ਪੋਸਟਰ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਮੈਰਾਥਨ 22 ਮਾਰਚ ਨੂੰ ਮਾਹਿਲਪੁਰ ਵਿਖੇ ਹੋਣ ਵਾਲੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਲਈ ਪ੍ਰੇਰਕ ਕਦਮ ਵਜੋਂ ਵੇਖੀ ਜਾ ਰਹੀ ਹੈ। ਇਸ ਰਾਹੀਂ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਜਗਾਉਣ ਦੇ ਨਾਲ ਨਸ਼ਾ ਮੁਕਤ ਪੰਜਾਬ ਦਾ ਸੰਦੇਸ਼ ਵੀ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 5 ਕਿਲੋਮੀਟਰ ਦੀ ਪ੍ਰੋ. ਮੈਰਾਥਨ ਸਵੇਰੇ 6 ਵਜੇ ਸ਼ੁਰੂ ਹੋਵੇਗੀ, ਜਿਸ ਵਿਚ ਵਿਦਿਆਰਥੀ, ਖਿਡਾਰੀ ਤੇ ਆਮ ਨਾਗਰਿਕ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਿਰਫ ਖੇਡ ਸਮਾਗਮ ਨਹੀਂ ਸਗੋਂ ਤੰਦਰੁਸਤੀ, ਅਨੁਸ਼ਾਸਨ ਤੇ ਸਮਾਜਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਵਾਲਾ ਜਨ ਅੰਦੋਲਨ ਹੈ। ਡਾ. ਸੋਨਾ ਥਿੰਦ ਨੇ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ ਖੇਡਾਂ ਤੇ ਸਾਂਝੀ ਭਾਗੀਦਾਰੀ ਰਾਹੀਂ ਨਸ਼ਿਆਂ ਵਰਗੀ ਸਮੱਸਿਆ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ, ਨੌਜਵਾਨਾਂ, ਸਰਕਾਰੀ ਕਰਮਚਾਰੀਆਂ, ਸਮਾਜਿਕ ਸੰਸਥਾਵਾਂ ਤੇ ਸੀਨੀਅਰ ਸਿਟੀਜ਼ਨਾਂ ਨੂੰ 13 ਮਾਰਚ ਨੂੰ ਡੀਬੀਯੂ ਅਤੇ 22 ਮਾਰਚ ਨੂੰ ਮਾਹਿਲਪੁਰ ਵਾਲੀਆਂ ਮੈਰਾਥਨਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।