ਖਾਲਸਾ ਮਾਰਚ ਨਾਲ ਸੰਪੂਰਨ ਹੋਇਆ ਦੂਜਾ ਕੌਮੀ ਸਾਲਾਨਾ ਸੰਵਾਦ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਖਾਲਸਾ ਮਾਰਚ ਨਾਲ ਸੰਪੂਰਨ ਹੋਇਆ ਦੂਜਾ ਕੌਮੀ ਸਲਾਨਾ ਸੰਵਾਦ
Publish Date: Sun, 15 Mar 2026 05:16 PM (IST)
Updated Date: Sun, 15 Mar 2026 05:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਦੋ ਰੋਜ਼ਾ ਦੂਜਾ ਕੌਮੀ ਸੰਵਾਦ ਸਮਾਗਮ ਖਾਲਸਾ ਮਾਰਚ ਨਾਲ ਸੰਪੂਰਨ ਹੋ ਗਿਆ। ਸਮਾਗਮ ਦੌਰਾਨ ਵੱਖ-ਵੱਖ ਸੈਸ਼ਨਾਂ ਵਿਚ ਵਿਚਾਰ-ਚਰਚਾ, ਪੁਸਤਕ ਪੜਚੋਲ, ਕਲਮਕਾਰ ਰੂਬਰੂ, ਕਵੀ ਦਰਬਾਰ ਅਤੇ ਸੰਗੀਤਕ ਪੇਸ਼ਕਾਰੀਆਂ ਕੀਤੀਆਂ ਗਈਆਂ। ਸਮਾਗਮ ਦੇ ਅਖੀਰਲੇ ਦਿਨ ਵਾਈਸ ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ ਨੇ ਵੱਖ-ਵੱਖ ਗਤੀਵਿਧੀਆਂ ਅਤੇ ਖਾਲਸਾ ਮਾਰਚ ਦੌਰਾਨ ਪੇਸ਼ ਕੀਤੇ ਗਏ ਜੰਗੀ ਕਰਤਬਾਂ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਿੱਖ ਵਿਰਸੇ ਅਤੇ ਸਿਧਾਂਤ ਦਾ ਬੇਹੱਦ ਅਹਿਮ ਕੇਂਦਰ ਬਿੰਦੂ ਹੈ। ਵਿਦਾਇਗੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਕਰਨ ਬੀਰ ਸਿੰਘ ਸਿੱਧੂ, ਸਾਬਕਾ ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਨੇ ਯੂਨੀਵਰਸਿਟੀ ਵੱਲੋਂ ਹੋਲੇ ਮਹੱਲੇ ਦੀ ਮਹੱਤਤਾ ਅਤੇ ਵਿਰਾਸਤ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਯੂਨੀਵਰਸਿਟੀ ਟਰਸਟ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਸ਼ਖਸੀ ਵਿਕਾਸ ਲਈ ਅਜਿਹੇ ਸਮਾਗਮ ਬੇਹੱਦ ਮਹੱਤਵਪੂਰਨ ਸਾਬਤ ਹੁੰਦੇ ਹਨ। ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਦੇਸ਼-ਵਿਦੇਸ਼ ਤੋਂ ਪਹੁੰਚੇ ਵਿਦਵਾਨ ਮਹਿਮਾਨਾਂ ਦਾ ਧੰਨਵਾਦ ਕੀਤਾ। ਕਲਮਕਾਰ ਰੂਬਰੂ ਸੈਸ਼ਨ ਦੌਰਾਨ ਪ੍ਰਸਿੱਧ ਲੇਖਕ ਅਤੇ ਫਿਲਮਕਾਰ ਅਮਰਦੀਪ ਸਿੰਘ (ਸਿੰਗਾਪੁਰ), ਜਸਵਿੰਦਰ ਕੌਰ (ਚੰਡੀਗੜ੍ਹ) ਅਤੇ ਜਗਦੀਪ ਸਿੰਘ (ਫਰੀਦਕੋਟ) ਸਮੇਤ ਹੋਰ ਲੇਖਕਾਂ ਨੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਕਵੀ ਦਰਬਾਰ ਵਿਚ ਦਰਸ਼ਨ ਸਿੰਘ ਬੁੱਟਰ, ਸੁਖਵਿੰਦਰ ਕੌਰ ਅੰਮ੍ਰਿਤ, ਪਰਮਵੀਰ ਸਿੰਘ ਅਤੇ ਦੀਪਕ ਸ਼ਰਮਾ ਚਨਾਰਥਲ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਪੇਸ਼ ਕਰਦਿਆਂ ਦਰਸ਼ਕਾਂ ਨੂੰ ਮੋਹ ਲਿਆ। ਸਮਾਗਮ ਦੇ ਅਖੀਰ ’ਚ ਬੁੱਢਾ ਦਲ ਦੇ ਨਿਹੰਗ ਸਿੰਘ ਜਥੇ ਅਤੇ ਯੂਨੀਵਰਸਿਟੀ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਖਾਲਸਾ ਮਾਰਚ ਵਿਚ ਸ਼ਮੂਲੀਅਤ ਕੀਤੀ। ਅੱਜ ਦੇ ਵੱਖ-ਵੱਖ ਸੈਸ਼ਨਾਂ ਵਿਚ ਡਾ. ਬਲਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਸੈਸ਼ਨ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਸਮਾਗਮ ਦੇ ਕਨਵੀਨਰ ਡਾ. ਹਰਦੇਵ ਸਿੰਘ ਅਤੇ ਕੋਆਰਡੀਨੇਟਰ ਡਾ. ਨਵ ਸ਼ਗਨ ਦੀਪ ਕੌਰ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਵੱਖ-ਵੱਖ ਸੈਸ਼ਨਾਂ ਦੌਰਾਨ ਰਜਿਸਟਰਾਰ ਪ੍ਰੋਫੈਸਰ ਤੇਜ਼ਬੀਰ ਸਿੰਘ, ਡੀਨ ਰਿਸਰਚ ਪ੍ਰੋਫੈਸਰ ਨਵਦੀਪ ਕੌਰ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਡਿਪਟੀ ਰਜਿਸਟਰਾਰ ਜਗਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਇੰਚਾਰਜ ਵੀ ਮੌਜੂਦ ਸਨ।