ਅਸਤੀਫ਼ਾ ਲਾਲਜੀਤ ਭੁੱਲਰ ਦਾ ਨਹੀਂ ਸਗੋਂ ਮੁੱਖ ਮੰਤਰੀ ਦਾ ਬਣਦਾ : ਡਾ. ਅਮਰ
ਅਸਤੀਫਾ ਲਾਲਜੀਤ ਭੁੱਲਰ ਦਾ ਨਹੀਂ ਸਗੋਂ ਮੁੱਖ ਮੰਤਰੀ ਦਾ ਬਣਦਾ ਹੈ : ਡਾ. ਅਮਰ ਸਿੰਘ
Publish Date: Sun, 22 Mar 2026 05:40 PM (IST)
Updated Date: Sun, 22 Mar 2026 05:43 PM (IST)

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਡਾ. ਗਗਨਦੀਪ ਸਿੰਘ ਰੰਧਾਵਾ ਦੀ ਆਤਮਹੱਤਿਆ ਦੇ ਮਾਮਲੇ ਨੇ ਪੰਜਾਬ ਦੀ ਰਾਜਨੀਤੀ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਆਤਮਹੱਤਿਆ ਨਹੀਂ, ਸਗੋਂ ਸਰਕਾਰੀ ਦਬਾਅ ਅਤੇ ਰਾਜਨੀਤਿਕ ਦਖਲਅੰਦਾਜ਼ੀ ਕਾਰਨ ਇਕ ਇਮਾਨਦਾਰ ਅਧਿਕਾਰੀ ਦੀ ਹੱਤਿਆ ਹੈ। ਡਾ. ਅਮਰ ਸਿੰਘ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਡਾ. ਰੰਧਾਵਾ ਵੱਲੋਂ ਬਣਾਈ ਗਈ ਵੀਡੀਓ ਸਪੱਸ਼ਟ ਕਰਦੀ ਹੈ ਕਿ ਉਹ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਬਾਅ ਤੇ ਧਮਕੀਆਂ ਤੋਂ ਡਰੇ ਹੋਏ ਸਨ। ਇਹ ਬਹੁਤ ਗੰਭੀਰ ਦੋਸ਼ ਹਨ, ਜਿਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਹਲਕਾ ਨਹੀਂ ਲਿਆ ਜਾ ਸਕਦਾ। ਸਿਰਫ਼ ਅਸਤੀਫਾ ਦੇਣਾ ਕਾਫ਼ੀ ਨਹੀਂ- ਲਾਲਜੀਤ ਸਿੰਘ ਭੁੱਲਰ ਦੀ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਧਾ ਸਿੱਧਾ “ਅਬੇਟਮੈਂਟ ਟੂ ਸੁਸਾਈਡ” ਦਾ ਬਣਦਾ ਹੈ ਅਤੇ ਇਸ ਦੀ ਜਾਂਚ ਕਿਸੇ ਰਾਜ ਸਰਕਾਰ ਦੇ ਅਧੀਨ ਨਹੀਂ ਛੱਡੀ ਜਾ ਸਕਦੀ। ਇਸ ਲਈ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਕਿਸੇ ਉੱਚ ਪੱਧਰੀ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਡਾ. ਅਮਰ ਸਿੰਘ ਨੇ ਪੰਜਾਬ ਦੀ ਮੌਜੂਦਾ ਕਾਨੂੰਨ-ਵਿਵਸਥਾ ‘ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੱਜ ਸੂਬੇ ਵਿੱਚ ਅਧਿਕਾਰੀ ਸੁਰੱਖਿਅਤ ਨਹੀਂ, ਆਮ ਲੋਕ ਸੁਰੱਖਿਅਤ ਨਹੀਂ ਅਤੇ ਕਾਨੂੰਨ ਦੀ ਧੱਜੀਆਂ ਉਡ ਰਹੀਆਂ ਹਨ। ਲੁੱਟਾਂ, ਕਤਲਾਂ, ਨਸ਼ਿਆਂ ਅਤੇ ਰਾਜਨੀਤਿਕ ਦਬਾਅ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜੋ ਕਿ ਆਮ ਆਦਮੀ ਪਾਰਟੀ ਦੀ ਨਾਕਾਮ ਹਕੂਮਤ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਸਰਕਾਰੀ ਅਧਿਕਾਰੀ ਨੂੰ ਆਪਣੇ ਫਰਜ਼ ਨਿਭਾਉਣ ਲਈ ਆਪਣੀ ਜਾਨ ਦੇਣੀ ਪਵੇ, ਤਾਂ ਇਸ ਤੋਂ ਵੱਡੀ ਨਾਕਾਮੀ ਕਿਸੇ ਸਰਕਾਰ ਦੀ ਨਹੀਂ ਹੋ ਸਕਦੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਦੀ ਪੂਰੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਵਿੱਚ ਡਰ ਅਤੇ ਦਬਾਅ ਦਾ ਮਾਹੌਲ ਬਣ ਚੁੱਕਾ ਹੈ। ਡਾ. ਅਮਰ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿੱਚ ਤੁਰੰਤ ਅਤੇ ਸਖ਼ਤ ਕਾਰਵਾਈ ਨਾ ਕੀਤੀ, ਤਾਂ ਲੋਕ ਇਸ ਅਨਿਆਇ ਦੇ ਖ਼ਿਲਾਫ਼ ਸੜਕਾਂ ’ਤੇ ਉਤਰਣ ਲਈ ਮਜਬੂਰ ਹੋਣਗੇ। ਇਹ ਲੜਾਈ ਸਿਰਫ਼ ਇੱਕ ਪਰਿਵਾਰ ਲਈ ਨਹੀਂ, ਸਗੋਂ ਪੰਜਾਬ ਦੇ ਹਰ ਇਮਾਨਦਾਰ ਅਧਿਕਾਰੀ ਅਤੇ ਆਮ ਨਾਗਰਿਕ ਲਈ ਹੈ।