ਲੰਗਰ ਲਾਉਣ ਲਈ ਨੈਣਾਂ ਦੇਵੀ ਲਈ ਰਵਾਨਾ ਹੋਇਆ ਜਥਾ
ਲੰਗਰ ਲਾਉਣ ਲਈ ਨੈਣਾਂ ਦੇਵੀ ਲਈ ਰਵਾਨਾ ਹੋਇਆ ਜਥਾ
Publish Date: Tue, 24 Mar 2026 04:43 PM (IST)
Updated Date: Tue, 24 Mar 2026 04:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਵਿਸ਼ਵਕਰਮਾ ਕਲੱਬ ਬੱਸੀ ਪਠਾਣਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੇਤ ਮਹੀਨੇ ਦੇ ਨਵਰਾਤਰਿਆਂ ਦੇ ਮੌਕੇ ’ਤੇ ਮਾਂ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੌਲਾਂ ਵਾਲਾ ਟੋਭਾ ਤੋਂ ਪੈਦਲ ਰਸਤੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ‘ਸਰਹਿੰਦ ਬੱਸੀ ਧਰਮਾਰਥ ਪੜਾਅ’ ਵਿਖੇ ਲੰਗਰ ਲਗਾਇਆ ਜਾ ਰਿਹਾ ਹੈ। ਇਸ ਸੇਵਾ ਕਾਰਜ ਲਈ ਅੱਜ ਕਲੱਬ ਦੇ ਸੇਵਾਦਾਰਾਂ ਦਾ ਇਕ ਜਥਾ ਪੂਰੇ ਉਤਸ਼ਾਹ ਨਾਲ ਬਸੀ ਪਠਾਣਾਂ ਤੋਂ ਰਵਾਨਾ ਹੋਇਆ। ਇਹ ਲੰਗਰ ਸੇਵਾ 23 ਮਾਰਚ ਤੋਂ 26 ਮਾਰਚ ਤੱਕ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੈਦਲ ਰਸਤੇ ’ਤੇ ਸਥਿਤ ਸਰਹਿੰਦ ਬਸੀ ਧਰਮਾਰਥ ਪੜਾਅ ਵਿਖੇ ਸ਼ਰਧਾਲੂਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਜਥੇ ਦੀ ਰਵਾਨਗੀ ਸਮੇਂ ਸੇਵਾਦਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਅਧਿਆਤਮਿਕ ਹੋ ਗਿਆ। ਇਸ ਮੌਕੇ ਕਲੱਬ ਪ੍ਰਧਾਨ ਬਲਵਿੰਦਰ ਸਿੰਘ, ਰਣਧੀਰ ਧੀਮਾਨ, ਰੋਬਿਨ ਧੀਮਾਨ, ਨਿਤਿਨ ਧੀਮਾਨ, ਜਗਦੀਪ ਧੀਮਾਨ, ਸੋਹਨਜੀਤ ਸਿੰਘ, ਮੋਹਿੰਦਰ ਪਾਲ, ਰਣਬੀਰ ਸਿੰਘ, ਨੀਰਜ ਧੀਮਾਨ, ਮੁਕੇਸ਼ ਧੀਮਾਨ, ਨਿਸ਼ੁ, ਕੁਨਾਲ, ਸਤੀਸ਼ ਧੀਮਾਨ, ਪਵਨ ਕੁਮਾਰ, ਸੁਰਿੰਦਰ ਕੁਮਾਰ, ਵਿੱਕੀ, ਹਰਦੀਪ, ਹਰੀਸ਼, ਵਿਸ਼ਾਲ, ਪਰਮਵੀਰ, ਮੋਹਨ ਲਾਲ ਭੋਲਾ, ਧਰਮਜੀਤ ਮੌਜੂਦ ਸਨ।