ਸਾਧੂਗੜ੍ਹ ਰੇਲਵੇ ਸਟੇਸ਼ਨ ਦਾ ਕੱਚਾ ਰਸਤਾ ਯਾਤਰੀਆਂ ਲਈ ਮੁਸੀਬਤ
ਸਾਧੂਗੜ੍ਹ ਰੇਲਵੇ ਸਟੇਸ਼ਨ ਦਾ ਕੱਚਾ ਰਸਤਾ ਯਾਤਰੀਆਂ ਲਈ ਮੁਸੀਬਤ
Publish Date: Tue, 22 Jul 2025 06:32 PM (IST)
Updated Date: Wed, 23 Jul 2025 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਦਿੱਲੀ-ਅੰਬਾਲਾ-ਅੰਮ੍ਰਿਤਸਰ ਰੇਲਵੇ ਟਰੈਕ ਤੇ ਸਥਿਤ ਸਾਧੂਗੜ੍ਹ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਯਾਤਰੀਆਂ ਨੂੰ ਕੱਚੇ ਰਸਤੇ ਤੋਂ ਗੁਜ਼ਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ 1870 ’ਚ ਬਣੇ ਇਸ ਸਟੇਸ਼ਨ ਦਾ ਰਸਤਾ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ, ਜੋ ਕਿ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਨਾਲ ਵਿਤਕਰੇ ਨੂੰ ਦਰਸਾਉਂਦਾ ਹੈ। ਭੁੱਟਾ ਨੇ ਕੇਂਦਰ ਸਰਕਾਰ ਦੇ ਰੇਲਵੇ ਮੰਤਰੀ, ਸੰਸਦ ਮੈਂਬਰ ਅਮਰ ਸਿੰਘ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸਾਧੂਗੜ੍ਹ ਰੇਲਵੇ ਸਟੇਸ਼ਨ ਦਾ ਰਸਤਾ ਤੁਰੰਤ ਪੱਕਾ ਕੀਤਾ ਜਾਵੇ, ਤਾਂ ਜੋ ਯਾਤਰੀਆਂ ਨੂੰ ਸਹੂਲਤ ਮਿਲ ਸਕੇ। ਇਸ ਮੌਕੇ ਦਮਨਜੋਤ ਸਿੰਘ ਮੈਂਬਰ ਪੰਚਾਇਤ ਜਲਵੇੜੀ ਗਹਿਲਾ, ਸਵਰਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਨਰਿੰਦਰ ਸਿੰਘ, ਬਲਵਿੰਦਰ ਸਿੰਘ ਅਰਾਈ ਮਾਜਰਾ, ਸੁਰਿੰਦਰ ਸਿੰਘ ਮੈਂਬਰ ਪੰਚਾਇਤ ਅਰਾਈ ਮਾਜਰਾ, ਜਸ਼ਨਪ੍ਰੀਤ ਸਿੰਘ ਸਰਹਿੰਦ ਅਤੇ ਬਲਰਾਜ ਸਿੰਘ ਆਦਿ ਮੌਜੂਦ ਸਨ।