ਜਰੂਰੀ) ਇੰਜੀਨੀਅਰਿੰਗ ਕਾਲਜ ਵਿਚ ਟੈਕ ਟਾਇਟਨਜ਼ 2026 ਕਰਵਾਇਆ
ਇੰਜੀਨੀਅਰਿੰਗ ਕਾਲਜ ਵਿੱਚ ਟੈਕ ਟਾਇਟਨਜ਼ 2026 ਕਰਵਾਇਆ
Publish Date: Sun, 05 Apr 2026 04:21 PM (IST)
Updated Date: Sun, 05 Apr 2026 04:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਚ ਟੈਕ ਟਾਇਟਨਜ਼ 2026 ਟੈਕ ਫੈਸਟ ਕਰਵਾਇਆ ਗਿਆ। ਡਾ. ਦੂਰਦਰਸ਼ੀ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਭਾਗ ਲੈ ਕੇ ਆਪਣੀ ਤਕਨੀਕੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਵੇਰ ਦੇ ਸੈਸ਼ਨ ਦੌਰਾਨ ਕਾਲਜ ਟਰੱਸਟ ਦੇ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਤੇ ਐਡਵੋਕੇਟ ਸਤਨਾਮ ਸਿੰਘ ਵੱਲੋਂ ਪ੍ਰੋਜੈਕਟ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਵੱਖ ਵੱਖ ਤਕਨੀਕੀ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਫੈਕਲਟੀ ਤੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ। ਇਸ ਦੌਰਾਨ ਰੋਬੋ ਵਾਰ, ਤਕਨੀਕੀ ਪੇਪਰ ਪ੍ਰੈਜ਼ੇਂਟੇਸ਼ਨ, ਪ੍ਰੋਜੈਕਟ ਪ੍ਰਦਰਸ਼ਨੀ, ਪੋਸਟਰ ਪ੍ਰਦਰਸ਼ਨੀ, ਕੁਇਜ਼ ਮੁਕਾਬਲਾ, ਟ੍ਰਿੱਕੀ ਸਰਕਿਟ, ਆਈਡੀਆਥਾਨ, ਮੈਡ ਐਡ ਤੇ ਫੋਟੋਗ੍ਰਾਫੀ ਪ੍ਰਦਰਸ਼ਨੀ ਵਰਗੀਆਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਮੁਕਾਬਲੇ ਵਿਦਿਆਰਥੀਆਂ ਲਈ ਆਪਣੀ ਤਕਨੀਕੀ ਸਮਝ, ਰਚਨਾਤਮਕਤਾ ਅਤੇ ਨਵੀਨ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਉਤਕ੍ਰਿਸ਼ਟ ਮੰਚ ਸਾਬਤ ਹੋਏ। ਸਮਾਪਨ ਸਮਾਰੋਹ ਦੌਰਾਨ ਮੈਨੇਜਮੈਂਟ ਟਰੱਸਟੀ ਸਰਦਾਰ ਬਲਜੀਤ ਸਿੰਘ ਭੁੱਟਾ ਅਤੇ ਸਰਦਾਰ ਮਨਪ੍ਰੀਤ ਸਿੰਘ ਸ਼ਾਹਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਰਦਾਰ ਬਲਜੀਤ ਸਿੰਘ ਭੁੱਟਾ ਨੇ ਕਾਲਜ ਵੱਲੋਂ ਵਿਦਿਆਰਥੀਆਂ ਵਿਚ ਨਵੀਂ ਖੋਜ ਅਤੇ ਨਵੀਨਤਾ ਦੀ ਸੋਚ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਤੇ ਤਕਨੀਕੀ ਹੁਨਰ ਨੂੰ ਉਜਾਗਰ ਕਰਨ ਦਾ ਸੁਨਹਿਰਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਇੰਜੀਨੀਅਰਾਂ ਦੀ ਦੇਸ਼ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨੂੰ ਵੀ ਉਜਾਗਰ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਲਖਵੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟੈਕ ਟਾਇਟਨਜ਼ 2026 ਵਰਗੇ ਟੈਕ ਫੈਸਟ ਵਿਦਿਆਰਥੀਆਂ ਵਿਚ ਨਵੀਂ ਸੋਚ, ਖੋਜ ਪ੍ਰਵਿਰਤੀ ਅਤੇ ਪ੍ਰਯੋਗਾਤਮਕ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹਨ। ਸਮਾਪਨ ਸਮਾਰੋਹ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਤਹਿਤ ਗਿੱਧਾ ਪੇਸ਼ ਕੀਤਾ ਗਿਆ ਜਿਸ ਨੇ ਦਰਸ਼ਕਾਂ ਨੂੰ ਖੂਬ ਮੋਹ ਲਿਆ ਅਤੇ ਸਮਾਗਮ ਨੂੰ ਰੰਗੀਨ ਸਮਾਪਤੀ ਦਿੱਤੀ।