ਫਤਹਿਗੜ੍ਹ ਸਾਹਿਬ ਹਾਦਸੇ 'ਤੇ ਸੁਨੀਲ ਜਾਖੜ ਤੇ ਰਵਨੀਤ ਸਿੰਘ ਬਿੱਟੂ ਨੇ ਪ੍ਰਗਟਾਇਆ ਦੁੱਖ; ਪ੍ਰਸ਼ਾਸਨ ਨੂੰ ਜਖ਼ਮੀਆਂ ਲਈ ਬਿਹਤਰ ਇਲਾਜ ਦੀ ਕੀਤੀ ਅਪੀਲ!
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਚੁੰਨੀ-ਮੋਰਿੰਡਾ ਮਾਰਗ ’ਤੇ ਪੈਂਦੇ ਪਿੰਡ ਹਿੰਮਤਪੁਰਾ ਵਿਖੇ ਮੰਗਲਵਾਰ ਦੇਰ ਰਾਤ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਵਿਸਾਖੀ ਦੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ਵਿੱਚ 8 ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ।
Publish Date: Wed, 15 Apr 2026 11:42 AM (IST)
Updated Date: Wed, 15 Apr 2026 11:52 AM (IST)

ਫਤਹਿਗੜ੍ਹ ਸਾਹਿਬ/ਮੋਰਿੰਡਾ: ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਚੁੰਨੀ-ਮੋਰਿੰਡਾ ਮਾਰਗ ’ਤੇ ਪੈਂਦੇ ਪਿੰਡ ਹਿੰਮਤਪੁਰਾ ਵਿਖੇ ਮੰਗਲਵਾਰ ਦੇਰ ਰਾਤ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਵਿਸਾਖੀ ਦੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ਵਿੱਚ 8 ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ।
ਸੁਨੀਲ ਜਾਖੜ ਨੇ ਪ੍ਰਗਟਾਇਆ ਗਹਿਰਾ ਅਫ਼ਸੋਸ
ਇਸ ਘਟਨਾ ਤੋਂ ਬਾਅਦ ਸੂਬੇ ਭਰ ਵਿੱਚ ਸੋਗ ਦੀ ਲਹਿਰ ਹੈ। ਭਾਜਪਾ ਆਗੂ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਰਾਹੀਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਲਿਖਿਆ: "ਸ੍ਰੀ ਅਨੰਦਪੁਰ ਸਾਹਿਬ ਤੋਂ ਮੁੜ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ ਬੇਹੱਦ ਦੁਖਦਾਈ ਹੈ। ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜ਼ਖ਼ਮੀਆਂ ਦੇ ਇਲਾਜ ਵਿੱਚ ਕੋਈ ਕਸਰ ਨਾ ਛੱਡੀ ਜਾਵੇ।"
ਰਵਨੀਤ ਸਿੰਘ ਬਿੱਟੂ ਨੇ ਪ੍ਰਗਟਾਇਆ ਦੁੱਖ
ਰਵਨੀਤ ਬਿੱਟੂ ਨੇ ਪੋਸਟ ਨੂੰ ਸਾਂਝਾ ਕਰਦਿਆਂ ਲਿਖਿਆ ਹੈ, ਬੱਸੀ ਪਠਾਣਾ ਕੋਲ ਹੋਇਆ ਬੱਸ ਹਾਦਸਾ ਬਹੁਤ ਹੀ ਮੰਦਭਾਗਾ ਅਤੇ ਦੁਖਦਾਈ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰੇ ਇਸ ਹਾਦਸੇ ਦੀ ਖ਼ਬਰ ਸੁਣ ਕੇ ਮਨ ਬਹੁਤ ਦੁਖੀ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਜ਼ਖ਼ਮੀਆਂ ਦਾ ਹਾਲ
ਜ਼ਖ਼ਮੀਆਂ ਨੂੰ ਤੁਰੰਤ ਮੋਰਿੰਡਾ ਅਤੇ ਫਤਹਿਗੜ੍ਹ ਸਾਹਿਬ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਦੇਰ ਰਾਤ ਤੱਕ ਰਾਹਤ ਕਾਰਜ ਜਾਰੀ ਰਹੇ। ਹਸਪਤਾਲਾਂ ਵਿੱਚ ਦਾਖ਼ਲ ਕਈ ਸ਼ਰਧਾਲੂਆਂ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ।
ਸਥਾਨ: ਪਿੰਡ ਹਿੰਮਤਪੁਰਾ, ਚੁੰਨੀ-ਮੋਰਿੰਡਾ ਮਾਰਗ।
ਪੀੜਤ: ਪਿੰਡ ਮੈਣ ਮਾਜਰੀ ਦੇ ਸ਼ਰਧਾਲੂ।
ਕਾਰਨ: ਵਾਪਸੀ ਸਮੇਂ ਬੱਸ ਦਾ ਬੇਕਾਬੂ ਹੋ ਕੇ ਪਲਟਣਾ।
ਜਾਨੀ ਨੁਕਸਾਨ: 8 ਸ਼ਰਧਾਲੂਆਂ ਦੀ ਮੌਤ।