ਪੀਐੱਮਸ਼੍ਰੀ ਸਕੂਲ ਅਧਿਆਪਕਾਂ ਲਈ ਵਿਸ਼ਾਵਾਰ ਅਕਾਦਮਿਕ ਯਾਤਰਾਵਾਂ ਕਰਵਾਈਆਂ
ਡਾਇਟ ਫਤਹਿਗੜ੍ਹ ਸਾਹਿਬ ਵੱਲੋਂ ਪੀਐਮਸ਼੍ਰੀ ਸਕੂਲ ਅਧਿਆਪਕਾਂ ਲਈ ਵਿਸ਼ਾਵਾਰ ਅਕਾਦਮਿਕ ਯਾਤਰਾਵਾਂ
Publish Date: Sat, 21 Feb 2026 04:58 PM (IST)
Updated Date: Sat, 21 Feb 2026 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵੱਲੋਂ ਪ੍ਰਿੰਸੀਪਲ ਡਾ. ਆਨੰਦ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਛੇ ਪੀਐੱਮ ਸ਼੍ਰੀ ਸਕੂਲਾਂ ਦੇ ਅਧਿਆਪਕਾਂ ਲਈ ਵਿਸ਼ਾਵਾਰ ਅਕਾਦਮਿਕ ਯਾਤਰਾਵਾਂ ਕਰਵਾਈਆਂ ਗਈਆਂ। ਟੂਰ ਇੰਚਾਰਜ ਡਾ. ਕੁਲਦੀਪ ਸਿੰਘ ਦੀ ਦੇਖਰੇਖ ਹੇਠ ਇਹ ਯਾਤਰਾਵਾਂ ਅਧਿਆਪਕਾਂ ਦੀ ਟ੍ਰੇਨਿੰਗ ਦੇ ਏਜੰਡੇ ਤਹਿਤ ਆਯੋਜਿਤ ਕੀਤੀਆਂ ਗਈਆਂ। ਪਹਿਲੇ ਪੜਾਅ ਵਿੱਚ ਵਿਗਿਆਨ ਅਤੇ ਗਣਿਤ ਦੇ ਅਧਿਆਪਕਾਂ ਨੇ ਕੁਰੂਕਸ਼ੇਤਰ ਵਿਖੇ ਪਲੈਨੋਟੋਰੀਅਮ ਅਤੇ ਪੈਨੋਰਮਾ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਟਾਈਮ ਜ਼ੋਨ ਅਤੇ ਸਪੇਸ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਟੂਰ ਵਿੱਚ ਡਾਇਟ ਲੈਕਚਰਾਰ ਵੰਦਨਾ ਚੋਪੜਾ, ਜਸਪਾਲ ਕੌਰ, ਤਨਵੀਰ ਸਿੰਘ ਅਤੇ ਸੁਜ਼ਾਦ ਅਲੀ ਨੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ। ਦੂਜੇ ਪੜਾਅ ਵਿੱਚ ਐੱਸਐੱਸਟੀ, ਰਾਜਨੀਤੀ ਸ਼ਾਸਤਰ, ਅਰਥਸ਼ਾਸਤਰ ਅਤੇ ਇਤਿਹਾਸ ਵਿਸ਼ਿਆਂ ਦੇ ਅਧਿਆਪਕਾਂ ਨੇ ਦਾਸਤਾਨ ਏ ਸ਼ਹਾਦਤ ਅਤੇ ਵਿਰਾਸਤ ਏ ਖਾਲਸਾ ਦਾ ਦੌਰਾ ਕੀਤਾ ਜਿੱਥੇ ਸਿੱਖ ਧਰਮ ਦੇ ਵਿਕਾਸ, ਸਿੱਖ ਰਾਜ ਦੇ ਉਥਾਨ-ਪਤਨ, ਆਜ਼ਾਦੀ ਸੰਗਰਾਮ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਚਿਤਰਾਂ, ਮਲਟੀਮੀਡੀਆ ਅਤੇ ਫਿਲਮਾਂ ਰਾਹੀਂ ਵੇਖਿਆ ਗਿਆ। ਇਸ ਦੌਰੇ ਦਾ ਕੋਆਰਡੀਨੇਸ਼ਨ ਡਾਇਟ ਅਧਿਆਪਕ ਪਰਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਨੇ ਕੀਤਾ। ਤੀਜੇ ਪੜਾਅ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਅਧਿਆਪਕਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਲਾਇਬ੍ਰੇਰੀ ਦਾ ਦੌਰਾ ਕੀਤਾ ਅਤੇ ਪੀਰੀਓਡੀਕਲ, ਰੈਫਰੈਂਸ ਤੇ ਰੀਡਿੰਗ ਸੈਕਸ਼ਨਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸਰਬਜੀਤ ਸਿੰਘ ਅਤੇ ਅੰਗਰੇਜ਼ੀ ਵਿਭਾਗ ਦੇ ਡਾ. ਅਕਸੈ ਕੁਮਾਰ ਨਾਲ ਸੰਵਾਦ ਵੀ ਕੀਤਾ ਅਤੇ ਰੋਜ਼ ਗਾਰਡਨ ਵੀ ਵੇਖਿਆ। ਇਸ ਵਿਜ਼ਟ ਦੇ ਕੋਆਰਡੀਨੇਟਰ ਪਰਮਿੰਦਰ ਕੌਰ, ਹਰਪ੍ਰੀਤ ਕੌਰ ਅਤੇ ਤਨਵੀਰ ਸਿੰਘ ਸਨ। ਇਸ ਮੌਕੇ ਪ੍ਰਿੰਸੀਪਲ ਡਾ. ਆਨੰਦ ਗੁਪਤਾ ਨੇ ਕਿਹਾ ਕਿ ਡਾਇਟ ਅਧਿਆਪਕਾਂ ਨੂੰ ਲਗਾਤਾਰ ਸਿੱਖਣ ਅਤੇ ਅਪਡੇਟ ਰਹਿਣ ਦੇ ਮੌਕੇ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਬਾਹਰੀ ਸੰਸਾਰ ਨਾਲ ਜੁੜ ਕੇ ਕਲਾਸਰੂਮ ਵਿੱਚ ਵਧੇਰੇ ਸਮਰੱਥਾ ਨਾਲ ਪੜ੍ਹਾ ਸਕਣ। ਡਾ. ਕੁਲਦੀਪ ਸਿੰਘ ਨੇ ਫੀਡਬੈਕ ਸੈਸ਼ਨ ਵਿੱਚ ਕਿਹਾ ਕਿ ਇਹ ਯਾਤਰਾਵਾਂ ਅਧਿਆਪਕਾਂ ਵਿੱਚ ਤਾਜਗੀ ਲਿਆਉਂਦੀਆਂ ਹਨ ਅਤੇ ਵਿਹਾਰਕ ਗਿਆਨ ਵਧਾਉਂਦੀਆਂ ਹਨ, ਜਿਸ ਦਾ ਸਿੱਧਾ ਲਾਭ ਕਲਾਸਰੂਮ ਟੀਚਿੰਗ ਨੂੰ ਮਿਲਦਾ ਹੈ। ਅਧਿਆਪਕਾਂ ਨੇ ਆਪਣੇ ਸੁਝਾਅ ਵੀ ਦਿੱਤੇ ਅਤੇ ਵੰਦਨਾ ਚੋਪੜਾ, ਹਰਪ੍ਰੀਤ ਕੌਰ ਤੇ ਜਸਪਾਲ ਕੌਰ ਨੇ ਵੱਖ-ਵੱਖ ਸਰਗਰਮੀਆਂ ਕਰਵਾਈਆਂ।