ਵਿਦਿਆਰਥੀਆਂ ਨੇ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ ਕੀਤਾ
ਮੂਲੇਵਾਲ ਖਹਿਰਾ ਸਕੂਲ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ ਕੀਤਾ
Publish Date: Fri, 20 Feb 2026 05:39 PM (IST)
Updated Date: Fri, 20 Feb 2026 05:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਸ਼ਾਹਕੋਟ ਜਲੰਧਰ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਸਹੂਲਤਾਂ ਦਿਖਾਈਆਂ ਗਈਆਂ ਅਤੇ ਖਾਸ ਤੌਰ ’ਤੇ ਖੇਤੀਬਾੜੀ ਵਿਭਾਗ ਦੀ ਪ੍ਰਯੋਗਸ਼ਾਲਾ ਵਿੱਚ ਆਧੁਨਿਕ ਸੁਵਿਧਾਵਾਂ, ਉਪਕਰਨਾਂ ਅਤੇ ਪ੍ਰਯੋਗਾਤਮਕ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਜਸਪਾਲਜੀਤ ਕੌਰ ਨੇ ਕਾਲਜ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਅਧਿਆਪਕ ਅਮਨਦੀਪ ਸਿੰਘ ਅਤੇ ਅੰਕੁਸ਼ ਨੇ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਦੇ ਵਿਕਲਪਾਂ ਅਤੇ ਕਾਲਜ ਵਿਚ ਪੜ੍ਹਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਜਾਗਰੂਕ ਕਰਨ ਲਈ ਕਾਲਜ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ ਕਸ਼ਮੀਰ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਉਚੇਰੀ ਵਿੱਦਿਆ ਦੇ ਵਿਕਲਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਵਾਈਸ ਪ੍ਰਿੰਸੀਪਲ ਡਾ ਬਿਕਰਮਜੀਤ ਸਿੰਘ ਨੇ ਕਾਲਜ ’ਚ ਉਪਲੱਬਧ ਵਿੱਦਿਅਕ ਸਹੂਲਤਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਬਾਇਓ ਟੈਕਨਾਲੋਜੀ ਵਿਭਾਗ ਤੋਂ ਡਾ ਜਗਦੀਸ਼ ਸਿੰਘ, ਬਾਟਨੀ ਤੇ ਵਾਤਾਵਰਣ ਵਿਗਿਆਨ ਵਿਭਾਗ ਦੀ ਮੁਖੀ ਡਾ ਲਵਨੀਤ ਕੌਰ ਤੇ ਡਾ ਹਰਲੀਨ ਕੌਰ ਅਤੇ ਖੇਤੀਬਾੜੀ ਵਿਭਾਗ ਤੋਂ ਡਾ. ਜੁਝਾਰ ਸਿੰਘ ਸਮੇਤ ਹੋਰ ਅਧਿਆਪਕਾਂ ਨੇ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਕਾਲਜ ਦੇ ਖੇਡ ਇੰਚਾਰਜ ਕੋਚ ਬਹਾਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਉਪਲੱਬਧ ਖੇਡ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਦੱਸਿਆ।