ਡਾਇਟ ਫਤਹਿਗੜ੍ਹ ਸਾਹਿਬ ਦੇ ਸਿੱਖਿਆਰਥੀਆਂ ਦਾ ਪੀਐਸਟੈੱਟ ’ਚ ਸ਼ਾਨਦਾਰ ਪ੍ਰਦਰਸ਼ਨ
ਡਾਇਟ ਫਤਹਿਗੜ੍ਹ ਸਾਹਿਬ ਦੇ ਸਿੱਖਿਆਰਥੀਆਂ ਨੇ ਪੀਐਸਟੈੱਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Publish Date: Thu, 09 Apr 2026 05:02 PM (IST)
Updated Date: Fri, 10 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਵਿਚ ਡਾਇਟ ਫਤਹਿਗੜ੍ਹ ਸਾਹਿਬ ਦੇ ਸਿੱਖਿਆਰਥੀਆਂ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਹੈ। ਇਸ ਨਾਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫਤਹਿਗੜ੍ਹ ਸਾਹਿਬ ਦੀ ਝੋਲੀ ਇੱਕ ਵੱਡੀ ਉਪਲਬਧੀ ਨਾਲ ਭਰ ਗਈ ਹੈ। ਇਸ ਸੰਸਥਾ ਵਿਚ ਈਟੀਟੀ ਅਧਿਆਪਕ ਬਣਨ ਦੀ ਟਰੇਨਿੰਗ ਲੈ ਰਹੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਪੀਐਸਟੈੱਟ ਪ੍ਰੀਖਿਆ ਕੁਆਲੀਫਾਈ ਕਰਕੇ ਅਧਿਆਪਕ ਬਣਨ ਵੱਲ ਮਹੱਤਵਪੂਰਨ ਪੁਲਾਂਘ ਪੁੱਟੀ ਹੈ। ਸੰਸਥਾ ਦੇ ਪ੍ਰਿੰਸੀਪਲ ਡਾ ਆਨੰਦ ਗੁਪਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਅਧਿਆਪਕ ਭਰਤੀ ਲਈ ਯੋਗਤਾ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ। ਇਸ ਵਿਚ ਡਾਇਟ ਫਤਹਿਗੜ੍ਹ ਸਾਹਿਬ ਦੇ 2025-27 ਬੈਚ ਦੇ ਈਟੀਟੀ ਕਰ ਰਹੇ 82 ਵਿਦਿਆਰਥੀਆਂ ਵਿਚੋਂ 70 ਨੇ ਪ੍ਰੀਖਿਆ ਦਿੱਤੀ ਅਤੇ ਇਨ੍ਹਾਂ ਵਿਚੋਂ 60 ਨੇ ਇਸ ਨੂੰ ਕੁਆਲੀਫਾਈ ਕਰ ਲਿਆ। ਇਸੇ ਤਰ੍ਹਾਂ 2023-25 ਬੈਚ ਦੇ 39 ਵਿਦਿਆਰਥੀਆਂ ਵਿਚੋਂ 38 ਨੇ ਪ੍ਰੀਖਿਆ ਦਿੱਤੀ ਅਤੇ ਇਨ੍ਹਾਂ ਵਿਚੋਂ 35 ਨੇ ਇਸ ਨੂੰ ਪਾਸ ਕਰ ਲਿਆ। ਪੰਜਾਬ ਪੱਧਰ ਤੇ ਇਸ ਪ੍ਰੀਖਿਆ ਵਿਚ ਟੈਸਟ ਇਕ ਅਤੇ ਟੈਸਟ ਦੋ ਵਿਚ ਕੁੱਲ 172306 ਪ੍ਰੀਖਿਆਰਥੀ ਸ਼ਾਮਲ ਹੋਏ ਸਨ ਅਤੇ ਇਨ੍ਹਾਂ ਵਿਚੋਂ 85275 ਨੇ ਇਸ ਨੂੰ ਕੁਆਲੀਫਾਈ ਕੀਤਾ ਜਿਸ ਦੀ ਪ੍ਰਤੀਸ਼ਤਤਾ 49.49 ਬਣਦੀ ਹੈ। ਇਸ ਦੇ ਉਲਟ ਡਾਇਟ ਫਤਹਿਗੜ੍ਹ ਸਾਹਿਬ ਦੇ 88 ਫੀਸਦੀ ਵਿਦਿਆਰਥੀਆਂ ਨੇ ਇਸ ਮੁਸ਼ਕਲ ਟੈਸਟ ਨੂੰ ਕਲੀਅਰ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਅਤੇ ਆਪਣੇ ਰੁਜਗਾਰ ਵੱਲ ਅਹਿਮ ਕਦਮ ਵਧਾਇਆ ਹੈ।