ਵਿਦਿਆਰਥੀਆਂ ਵੱਲੋਂ ਬਿਰਧ ਆਸ਼ਰਮ ਦਾ ਦੌਰਾ
ਮਾਤਾ ਗੁਜਰੀ ਕਾਲਜ ਦੀ ਕਮਰਸ ਐਸੋਸੀਏਸ਼ਨ ਦੇ ਵਿਦਿਆਰਥੀਆਂ ਵੱਲੋਂ ਬਿਰਧ ਆਸ਼ਰਮ ਦਾ ਦੌਰਾ
Publish Date: Sat, 21 Feb 2026 05:10 PM (IST)
Updated Date: Sat, 21 Feb 2026 05:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੀ ਕਾਮਰਸ ਐਸੋਸੀਏਸ਼ਨ ਵੱਲੋਂ ਬੱਸੀ ਪਠਾਣਾਂ ਸਥਿਤ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਬਜ਼ੁਰਗਾਂ ਨੂੰ ਲੁੜੀਂਦੇ ਕੱਪੜੇ, ਖਾਣ-ਪੀਣ ਦਾ ਸਾਮਾਨ ਅਤੇ ਜ਼ਰੂਰੀ ਦਵਾਈਆਂ ਪ੍ਰਦਾਨ ਕੀਤੀਆਂ। ਦੌਰੇ ਦੌਰਾਨ ਵਿਦਿਆਰਥੀਆਂ ਨੇ ਜਿੱਥੇ ਬਜ਼ੁਰਗਾਂ ਦੀ ਸੇਵਾ ਅਤੇ ਦੇਖਭਾਲ ਦੇ ਮਹੱਤਵ ਬਾਰੇ ਵਡਮੁੱਲੀ ਸਿੱਖਿਆ ਪ੍ਰਾਪਤ ਕੀਤੀ, ਉੱਥੇ ਨਾਲ ਹੀ ਬਜ਼ੁਰਗਾਂ ਦੇ ਜੀਵਨ ਦੇ ਤਜ਼ਰਬਿਆਂ ਤੋਂ ਵਿਦਿਆਰਥੀਆਂ ਨੂੰ ਜੀਵਨ ਦੇ ਕਈ ਮਹੱਤਵਪੂਰਨ ਪਾਠ ਸਿੱਖਣ ਨੂੰ ਮਿਲੇ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਮਾਜਿਕ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਵਿਚ ਬਜ਼ੁਰਗਾਂ ਦੀ ਅਹਿਮੀਅਤ ਸਮਝਾਉਣਾ ਸੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਉਸਾਰੂ ਸਰਗਰਮੀਆਂ ਨਾਲ ਇਕ ਪਾਸੇ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਮਹੱਤਵਪੂਰਨ ਸਹਿਯੋਗ ਮਿਲਦਾ ਹੈ, ਤਾਂ ਦੂਜੇ ਪਾਸੇ ਵਿਦਿਆਰਥੀਆਂ ਨੂੰ ਆਪਣੇ ਖੇਤਰ ਨਾਲ ਸਬੰਧਿਤ ਕੀਮਤੀ ਵਿਹਾਰਕ ਤਜਰਬਾ ਪ੍ਰਾਪਤ ਹੁੰਦਾ ਹੈ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਸਮਾਜ ਅਤੇ ਪਰਿਵਾਰ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮੁਹੰਮਦ ਅਨਵਰ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਬਜ਼ੁਰਗਾਂ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਦੇ ਵਿਚਾਰਾਂ, ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਨਜ਼ਦੀਕ ਤੋਂ ਜਾਣਨ ਅਤੇ ਸਮਝਣ ਦਾ ਵਿਲੱਖਣ ਮੌਕਾ ਪ੍ਰਾਪਤ ਹੋਇਆ। ਦੌਰੇ ਦੌਰਾਨ ਕਾਮਰਸ ਵਿਭਾਗ ਦੇ ਡਾ. ਰਸ਼ਪਾਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਯੋਗ ਮਾਰਗਦਰਸ਼ਨ ਪ੍ਰਦਾਨ ਕੀਤਾ।