ਮਾਤਾ ਗੁਜਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
ਮਾਤਾ ਗੁਜਰੀ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Fri, 20 Feb 2026 05:35 PM (IST)
Updated Date: Fri, 20 Feb 2026 05:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਐਮਐੱਸਸੀ ਬਾਇਓਟੈਕਨਾਲੋਜੀ ਭਾਗ ਦੂਸਰਾ ਦੀਆਂ ਵਿਦਿਆਰਥਣਾਂ ਜਸ਼ਨਪ੍ਰੀਤ ਕੌਰ ਅਤੇ ਗੁਰਜੋਤ ਕੌਰ ਨੇ ਸੀਜੀਸੀ ਲਾਂਡਰਾਂ ਵਿਖੇ ‘ਪਹਿਲ-ਆਈਡੀਆਥੋਨ’ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥਣਾਂ ਨੇ 20, 000 ਰੁਪਏ ਦਾ ਨਕਦ ਇਨਾਮ ਵੀ ਪ੍ਰਾਪਤ ਕੀਤਾ। ਵਰਣਨਯੋਗ ਹੈ ਕਿ ਇਸ ਮੁਕਾਬਲੇ ਵਿਚ ਜੇਤੂ ਟੀਮ ਨੇ ਪਾਣੀ ਦੀ ਸਾਂਭ-ਸੰਭਾਲ ਜਿਹੇ ਮਹੱਤਵਪੂਰਨ ਵਿਸ਼ੇ ’ਤੇ ਇਕ ਨਵੀਂ ਅਤੇ ਸਮਾਜਿਕ ਤੌਰ ’ਤੇ ਲਾਭਕਾਰੀ ਸੋਚ ਪੇਸ਼ ਕੀਤੀ। ਇਸ ਵਿਚਾਰ ਅਧੀਨ ਸਸਟੇਨੇਬਲ ਵਾਸ਼ਿੰਗ ਮਸ਼ੀਨਾਂ ਦੀ ਸਥਾਪਨਾ ਰਾਹੀਂ ਪਾਣੀ ਦੀ ਬਚਤ ਕਰਨ ਦਾ ਪ੍ਰਭਾਵਸ਼ਾਲੀ ਸੁਝਾਅ ਦਿੱਤਾ ਗਿਆ। ਇਸ ਨਵੀਨ ਵਿਚਾਰ ਨੂੰ ਜੱਜ ਸਾਹਿਬਾਨ ਵੱਲੋਂ ਵੀ ਖ਼ੂਬ ਸਰਾਹਿਆ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਵਿਹਾਰਕ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ। ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ ਨੇ ਵੀ ਇਸ ਮਾਣਮੱਤੀ ਪ੍ਰਾਪਤੀ ਲਈ ਵਿਦਿਆਰਥਣਾਂ ਨੂੰ ਮੁਬਾਰਕਬਾਦ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਬਾਇਓ ਟੈਕਨਾਲੋਜੀ ਵਿਭਾਗ ਦੇ ਡਾ. ਜਗਦੀਸ਼ ਸਿੰਘ ਅਤੇ ਡਾ. ਮੋਨਿਕਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।