ਗਲਤ ਪਾਰਕਿੰਗ ਵਾਲੇ ਵਾਹਨਾਂ ’ਤੇ ਸਖ਼ਤ ਕਾਰਵਾਈ, ਕਈ ਗੱਡੀਆਂ ਟੋਅ ਕੀਤੀਆਂ
ਗਲਤ ਪਾਰਕਿੰਗ ਵਾਲੇ ਵਾਹਨਾਂ ’ਤੇ ਸਖ਼ਤ ਕਾਰਵਾਈ, ਕਈ ਗੱਡੀਆਂ ਟੋਅ ਕੀਤੀਆਂ
Publish Date: Fri, 27 Feb 2026 06:27 PM (IST)
Updated Date: Sat, 28 Feb 2026 04:04 AM (IST)

ਲੋਕਾਂ ਨੂੰ ਵਾਹਨ ਸਿਰਫ਼ ਨਿਰਧਾਰਿਤ ਪਾਰਕਿੰਗ ਸਥਾਨਾਂ ’ਤੇ ਹੀ ਖੜ੍ਹੇ ਕਰਨ ਦੀ ਅਪੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਟਰੈਫਿਕ ਪੁਲਿਸ ਨੇ ਜ਼ਿਲ੍ਹਾ ਕਚਹਿਰੀ ਅੱਗੇ ਸਰਹਿੰਦ-ਮਰਿੰਡਾ ਰੋਡ ’ਤੇ ਗਲਤ ਥਾਵਾਂ ’ਤੇ ਖੜ੍ਹੇ ਕੀਤੇ ਵਾਹਨਾਂ ਨੂੰ ਟੋਅ ਕਰਕੇ ਚੁੱਕ ਲਿਆ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ। ਟਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਇਹ ਵਿਸ਼ੇਸ਼ ਮੁਹਿੰਮ ਡੀਐਸਪੀ ਟਰੈਫਿਕ ਇੰਦਰਪ੍ਰੀਤ ਸਿੰਘ ਬਡੂੰਗਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ। ਮੁਹਿੰਮ ਦੌਰਾਨ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ, ਬਾਜ਼ਾਰਾਂ, ਸਰਕਾਰੀ ਦਫ਼ਤਰਾਂ ਦੇ ਨੇੜੇ ਅਤੇ ਮੁੱਖ ਸੜਕਾਂ ’ਤੇ ਖਾਸ ਚੈਕਿੰਗ ਕੀਤੀ ਗਈ। ਨੋ-ਪਾਰਕਿੰਗ ਜ਼ੋਨਾਂ, ਸੜਕਾਂ ਦੇ ਵਿਚਕਾਰ ਜਾਂ ਰਾਹਾਂ ਵਿੱਚ ਖੜ੍ਹੇ ਵਾਹਨਾਂ ਨੂੰ ਟੋਅ ਕੀਤਾ ਗਿਆ ਅਤੇ ਚਾਲਾਨ ਕੱਟੇ ਗਏ। ਡੀਐੱਸਪੀ ਇੰਦਰਪ੍ਰੀਤ ਸਿੰਘ ਬਡੂੰਗਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁੱਝ ਵਾਹਨ ਚਾਲਕ ਬਿਨਾਂ ਪ੍ਰਵਾਹ ਦੇ ਸੜਕਾਂ ਅਤੇ ਗਲੀਆਂ ਵਿੱਚ ਗਲਤ ਥਾਵਾਂ ’ਤੇ ਵਾਹਨ ਖੜ੍ਹੇ ਕਰ ਦਿੰਦੇ ਹਨ, ਜਿਸ ਨਾਲ ਟਰੈਫਿਕ ਜਾਮ ਤੋਂ ਲੈ ਕੇ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਵਿੱਚ ਵੀ ਰੁਕਾਵਟ ਪੈਂਦੀ ਹੈ। ਉਨ੍ਹਾਂ ਕਿਹਾ ਕਿ ਗਲਤ ਪਾਰਕਿੰਗ ਵਾਲੇ ਵਾਹਨਾਂ ਨੂੰ ਪੁਲਿਸ ਚੌਕੀ ਸਰਹਿੰਦ ਮੰਡੀ ਵਿੱਚ ਲਿਜਾਇਆ ਜਾਵੇਗਾ ਅਤੇ ਮਾਲਕ ਮੌਕੇ ’ਤੇ ਹੀ ਚਾਲਾਨ ਭਰ ਕੇ ਆਪਣਾ ਵਾਹਨ ਲੈ ਜਾ ਸਕਦਾ ਹੈ। ਇਹ ਸਖ਼ਤ ਮੁਹਿੰਮ ਪੰਜਾਬ ਪੁਲਿਸ ਦੀ ਟਰੈਫਿਕ ਸ਼ਾਖਾ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਭਵਿੱਖ ਵਿੱਚ ਵੀ ਗਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਢਿਲਾਈ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਵਾਹਨ ਸਿਰਫ਼ ਨਿਰਧਾਰਿਤ ਪਾਰਕਿੰਗ ਸਥਾਨਾਂ ’ਤੇ ਹੀ ਖੜ੍ਹੇ ਕੀਤੇ ਜਾਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਇੰਸਪੈਕਟਰ ਸੁਰਿੰਦਰ ਕੁਮਾਰ, ਟਰੈਫਿਕ ਪੁਲਿਸ ਸਰਹਿੰਦ ਦੇ ਇੰਚਾਰਜ ਰਾਜਵਿੰਦਰ ਸਿੰਘ, ਥਾਣੇਦਾਰ ਕਪਿਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।