ਸਟੇਟ ਟੀਕਾਕਰਨ ਅਫਸਰ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ
ਸਟੇਟ ਟੀਕਾਕਰਨ ਅਫਸਰ ਡਾ. ਮੰਜੂ ਬਾਂਸਲ ਨੇ ਜ਼ਿਲਾ ਫਤਿਹਗੜ੍ਹ ਸਾਹਿਬ ਦਾ ਦੌਰਾ ਕੀਤਾ
Publish Date: Tue, 07 Apr 2026 05:58 PM (IST)
Updated Date: Tue, 07 Apr 2026 06:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਟੇਟ ਟੀਕਾਕਰਨ ਅਫਸਰ ਡਾ. ਮੰਜੂ ਬਾਂਸਲ ਨੇ ਐਚਪੀਵੀ (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨੇਸਨ ਸਬੰਧੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਸੀਨੀਅਰ ਮੈਡੀਕਲ ਅਫਸਰਾਂ, ਮੈਡੀਕਲ ਅਫਸਰਾਂ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ, ਮਲਟੀਪਰਪਜ਼ ਹੈਲਥ ਵਰਕਰਾਂ ਤੇ ਆਸ਼ਾ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਕਮਿਊਨਿਟੀ ਸਿਹਤ ਸੈਂਟਰ ਖੇੜਾ ਵਿਖੇ ਸਮੂਹ ਸਟਾਫ ਦੀ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਅੰਦਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਵਿੱਢੀ ਗਈ ਐਚਪੀਵੀ ਟੀਕਾਕਰਨ ਮੁਹਿੰਮ ਵੱਲ ਵਿਸ਼ੇਸ਼ ਤਵਜੋਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ 14 ਤੋਂ 15 ਸਾਲ ਤੱਕ ਦੀਆਂ ਸਾਰੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਇਹ ਵੈਕਸੀਨ ਲਗਾਉਣੀ ਯਕੀਨੀ ਬਣਾਈ ਜਾਵੇ, ਵੈਕਸੀਨ ਦੀ ਮਹੱਤਤਾ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਇਹ ਵੈਕਸੀਨ ਸਰਕਾਰੀ ਸਿਹਤ ਕੇਂਦਰਾਂ ਵਿਚ ਹਰ ਰੋਜ਼ ਮੁਫਤ ਲਗਾਈ ਜਾ ਰਹੀ ਹੈ। ਮੀਟਿੰਗ ਦੌਰਾਨ ਜੇਐਸਆਈ ਦੇ ਸਟੇਟ ਟੈਕਨੀਕਲ ਮੈਨੇਜਰ ਡਾ ਇਸ਼ਿਤਾ ਨੇ ਵੈਕਸੀਨ ਦੇ ਰੱਖ-ਰਖਾਵ ਅਤੇ ਲੜਕੀਆਂ ਵਿਚ ਹੋਣ ਵਾਲੇ ਸਰਵਿਕਸ ਕੈਂਸਰ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਜ਼ਿਲ੍ਹਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਵੈਕਸੀਨ ਬਿਲਕੁਲ ਸੇਫ ਹੈ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ ਇਸ ਲਈ ਆਪੋ ਆਪਣੀਆਂ 14 ਤੋਂ 15 ਸਾਲ ਤੱਕ ਦੀਆਂ ਬੱਚੀਆਂ ਨੂੰ ਇਹ ਵੈਕਸੀਨ ਜਲਦੀ ਤੋਂ ਜਲਦੀ ਲਗਵਾਈ ਜਾਵੇ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਖੇੜਾ ਡਾ ਰਾਕੇਸ਼ ਬਾਲੀ, ਸੀਨੀਅਰ ਮੈਡੀਕਲ ਅਫਸਰ ਨੰਦਪੁਰ ਕਲੌੜ ,ਡਾ ਨਵਦੀਪ ਕੌਰ, ਮੈਡੀਕਲ ਅਫਸਰ ਡਾ ਏਕਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਬੀਈਈ ਹੇਮੰਤ ਕੁਮਾਰ ਤੋਂ ਇਲਾਵਾ ਸਮੂਹ ਮੈਡੀਕਲ ਅਫਸਰ ਹਾਜ਼ਰ ਸਨ।