ਨੁਕਾਸਨੀ ਫ਼ਸਲ ਲਈ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ : ਸ਼ਰਮਾ
ਮੀਂਹ ਨਾਲ ਨੁਕਾਸਨੀ ਫ਼ਸਲ ਲਈ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ : ਸ਼ਰਮਾ
Publish Date: Sun, 12 Apr 2026 07:20 PM (IST)
Updated Date: Mon, 13 Apr 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹੰਦ : ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ ਸਰਹਿੰਦ ਨੇ ਕਿਹਾ ਹੈ ਕਿ ਪੰਜਾਬ ਵਿਚ ਕਣਕ ਦੀ ਵਾਢੀ ਦੇ ਮੌਕੇ ਹੋਈ ਬੇਮੌਸਮੀ ਬਾਰਿਸ਼ ਅਤੇ ਭਾਰੀ ਗੜੇਮਾਰੀ ਨੇ ਕਿਸਾਨਾਂ ਦੀ ਆਰਥਿਕ ਹਾਲਤ ਤਬਾਹ ਕਰ ਦਿੱਤੀ ਹੈ। ਫਤਹਿਗੜ੍ਹ ਸਾਹਿਬ ਦੇ ਇਲਾਕੇ ਵਿਚ ਪਿਛਲੇ ਦਿਨੀਂ ਹੋਈਆਂ ਬਾਰਿਸ਼ਾਂ ਕਾਰਨ ਖੇਤਾਂ ਵਿਚ ਖੜ੍ਹੀ ਅਤੇ ਮੰਡੀਆਂ ਵਿਚ ਪਹੁੰਚੀ ਕਣਕ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਫੈਲੀ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਲਈ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਸਿਰਫ ਗਿਰਦਾਵਰੀ ਦੇ ਖੋਖਲੇ ਵਾਅਦੇ ਨਾ ਕੀਤੇ ਜਾਣ ਬਲਕਿ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਅੰਤਰਿਮ ਰਾਹਤ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾਂ ਕੀਤੀ ਜਾਵੇ। ਮਨਜੀਤ ਸ਼ਰਮਾ ਨੇ ਚਿੰਤਾ ਜ਼ਾਹਰ ਕੀਤੀ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦਬੇ ਹੋਏ ਹਨ। ਪਿਛਲੇ ਸਾਲ ਆਏ ਹੜ੍ਹਾਂ ਦਾ ਮੁਆਵਜ਼ਾ ਵੀ ਅਜੇ ਤੱਕ ਬਹੁਤ ਸਾਰੇ ਕਿਸਾਨਾਂ ਨੂੰ ਨਹੀਂ ਮਿਲਿਆ। ਇਸ ਨਵੀਂ ਕੁਦਰਤੀ ਆਫ਼ਤ ਨੇ ਉਨ੍ਹਾਂ ਦੀ ਆਰਥਿਕ ਸਥਿਤੀ ਹੋਰ ਨਾਜ਼ੁਕ ਬਣਾ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨੁਕਸਾਨ ਪੂਰੀ ਤਰ੍ਹਾਂ ਕੁਦਰਤੀ ਆਫ਼ਤ ਕਾਰਨ ਹੋਇਆ ਹੈ ਇਸ ਲਈ ਸਰਕਾਰ ਨੂੰ ਫਸਲੀ ਬੀਮਾ ਅਤੇ ਆਫ਼ਤ ਰਾਹਤ ਫੰਡ ਵਿਚੋਂ ਬਿਨਾਂ ਦੇਰੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਠੋਸ ਕਦਮ ਨਾ ਚੁੱਕੇ ਤਾਂ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟੇਗੀ। ਇਸ ਮੌਕੇ ਉਨ੍ਹਾਂ ਨਾਲ ਕਈ ਕਿਸਾਨ ਅਤੇ ਖੇਤ ਮਜ਼ਦੂਰ ਵੀ ਮੌਜੂਦ ਸਨ।