ਮਾਤਾ ਗੁਜਰੀ ਕਾਲਜ ’ਚ ਕਰਵਾਇਆ ਵਿਸ਼ੇਸ਼ ਲੈਕਚਰ
ਮਾਤਾ ਗੁਜਰੀ ਕਾਲਜ ਵਿਖੇ ਪੇਸ਼ੇਵਰ ਜੀਵਨ ਵਿੱਚ ਨੈਤਿਕਤਾ ਦੀ ਭੂਮਿਕਾ ’ਤੇ ਵਿਸ਼ੇਸ਼ ਲੈਕਚਰ
Publish Date: Wed, 22 Apr 2026 05:45 PM (IST)
Updated Date: Wed, 22 Apr 2026 05:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਦੀ ਪਲਾਨਿੰਗ ਫੋਰਮ, ਮੈਨੇਜਮੈਂਟ ਸਟੱਡੀਜ਼ ਵਿਭਾਗ ਦੀ ਮੈਨੇਜਮੈਂਟ ਐਸੋਸੀਏਸ਼ਨ ਤੇ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਵੱਲੋਂ ਪੇਸ਼ੇਵਰ ਜੀਵਨ ਵਿਚ ਨੈਤਿਕਤਾ ਦੀ ਭੂਮਿਕਾ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਵਿਚ ਉੱਘੇ ਵਿਦਵਾਨ ਅਤੇ ਕਾਲਜ ਦੇ ਸੇਵਾ ਮੁਕਤ ਅਧਿਆਪਕ ਡਾ. ਜਗਜੀਵਨ ਸਿੰਘ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਡਾ. ਜਗਜੀਵਨ ਸਿੰਘ ਨੇ ਵਿਦਿਆਰਥੀਆਂ ਨੂੰ ਨੈਤਿਕਤਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਮਨੁੱਖੀ ਵਿਵਹਾਰ ਨੂੰ ਸੰਵਾਰਨ ਅਤੇ ਭਰੋਸਾ ਪੈਦਾ ਕਰਨ ਵਾਲਾ ਬੁਨਿਆਦੀ ਤੱਤ ਹੈ, ਜੋ ਕਿਸੇ ਵੀ ਸੰਗਠਨ ਦੀ ਲੰਬੇ ਸਮੇਂ ਦੀ ਸਫਲਤਾ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਨੈਤਿਕਤਾ ਸਿਰਫ਼ ਨਿਯਮਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਉਹ ਮੁੱਲ ਹਨ ਜੋ ਮਨੁੱਖ ਨੂੰ ਸਮਾਜ ਪ੍ਰਤੀ ਜ਼ਿੰਮੇਵਾਰ ਬਣਾ ਕੇ ਸਕਾਰਾਤਮਕ ਮਾਹੌਲ ਸਿਰਜਣ ਵਿਚ ਮਦਦ ਕਰਦੇ ਹਨ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਜੁਪਿੰਦਰ ਸਿੰਘ ਨੇ ਮੁੱਖ ਵਕਤਾ ਦਾ ਸਵਾਗਤ ਕੀਤਾ। ਸਮਾਗਮ ਦੇ ਅਖੀਰ ਵਿਚ ਡਾ. ਜਗਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ, ਡਾ. ਸ਼ਿਵਾਨੀ ਬੈਕਟਰ, ਡਾ. ਗੁਰਜਿੰਦਰ ਕੌਰ ਸਮੇਤ ਹੋਰ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।