ਮਾਤਾ ਗੁਜਰੀ ਕਾਲਜ ਵੱਲੋਂ ਨਸ਼ੇ ਦੀ ਰੋਕਥਾਮ੍ ਲਈ ਵਿਸ਼ੇਸ਼ ਲੈਕਚਰ
ਮਾਤਾ ਗੁਜਰੀ ਕਾਲਜ ਦੇ ਮਨੋਵਿਗਿਆਨ ਵਿਭਾਗ ਵੱਲੋਂ ਨਸ਼ੇ ਦੀ ਰੋਕਥਾਮ ਵਿਚ ਕਾਊਂਸਲਿੰਗ ਦੀ ਭੂਮਿਕਾ ਬਾਰੇ ਵਿਸ਼ੇਸ਼ ਲੈਕਚਰ
Publish Date: Fri, 24 Apr 2026 04:44 PM (IST)
Updated Date: Fri, 24 Apr 2026 04:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਮਨੋਵਿਗਿਆਨ ਵਿਭਾਗ ਵੱਲੋਂ ‘ਨਸ਼ੇ ਦੀ ਸਮੱਸਿਆ ਨੂੰ ਸਮਝਣਾ ਅਤੇ ਇਸ ਦੇ ਪ੍ਰਬੰਧਨ ਵਿਚ ਕਾਊਂਸਲਿੰਗ ਅਤੇ ਰੀਹੈਬਿਲੀਟੇਸ਼ਨ ਦੀ ਭੂਮਿਕਾ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿਚ ਮੁੱਖ ਬੁਲਾਰੇ ਵਜੋਂ ਉੱਘੇ ਮਨੋਚਿਕਿਤਸਕ ਡਾ. ਉਤਕਰਸ਼ ਮਨਕਾਰ ਸ਼ਾਮਲ ਹੋਏ। ਇਸ ਮੌਕੇ ਮਨੋਵਿਗਿਆਨ ਵਿਭਾਗ ਦੇ ਲਗਭਗ 50 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਡਾ. ਮਨਕਾਰ ਨੇ ਨਸ਼ੇ ਦੀ ਵੱਧ ਰਹੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਤੋਂ ਮੁਕਤੀ ਲਈ ਸਹੀ ਮਾਰਗਦਰਸ਼ਨ, ਕਾਊਂਸਲਿੰਗ ਅਤੇ ਪੁਨਰਵਾਸ (ਰੀਹੈਬਿਲੀਟੇਸ਼ਨ) ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਨਸ਼ਾ ਮੁਕਤੀ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਥੈਰਪੀਆਂ ਅਤੇ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਹਰਦੀਪ ਕੌਰ ਨੇ ਕਿਹਾ ਕਿ ਮਨੋਵਿਗਿਆਨ ਦੇ ਵਿਦਿਆਰਥੀਆਂ ਲਈ ਨਸ਼ਾ ਪ੍ਰਬੰਧਨ ਨੂੰ ਕਾਊਂਸਲਿੰਗ ਅਤੇ ਰੀਹੈਬਿਲੀਟੇਸ਼ਨ ਰਾਹੀਂ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੇ ਵਿਹਾਰਕ ਹੁਨਰ ਅਤੇ ਪੇਸ਼ੇਵਰ ਯੋਗਤਾ ਵਿਚ ਵਾਧਾ ਹੁੰਦਾ ਹੈ। ਇਸ ਮੌਕੇ ਵਿਭਾਗ ਦੇ ਪ੍ਰੋ. ਟਵਿੰਕਲ ਅਤੇ ਪ੍ਰੋ. ਕਿਰਨਜੋਤ ਕੌਰ ਵੀ ਮੌਜੂਦ ਸਨ।