ਮਿੱਟੀ ਦੀ ਸਿਹਤ ਤੇ ਟਿਕਾਊ ਖੇਤੀ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਿੱਟੀ ਦੀ ਸਿਹਤ ਤੇ ਟਿਕਾਊ ਖੇਤੀ ਬਾਰੇ ਵਿਸ਼ੇਸ਼ ਭਾਸ਼ਣ
Publish Date: Wed, 11 Mar 2026 05:18 PM (IST)
Updated Date: Wed, 11 Mar 2026 05:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਖੇਤੀਬਾੜੀ ਵਿਭਾਗ ਵੱਲੋਂ ‘ਜੀਵਤ ਮਿੱਟੀ, ਜੀਵਤ ਪੰਜਾਬ: ਪੰਜਾਬ ਦੇ ਟਿਕਾਊ ਖੇਤੀਬਾੜੀ ਭਵਿੱਖ ਲਈ ਮਿੱਟੀ ਜੀਵ ਵਿਗਿਆਨ ਨੂੰ ਮੁੜ ਸੁਰਜੀਤ ਕਰਨਾ’ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਕੀਤਾ ਗਿਆ। ਇਹ ਪ੍ਰੋਗਰਾਮ ਖੇਤੀ ਵਿਰਾਸਤ ਮਿਸ਼ਨ, ਜੈਤੋ ਨਾਲ ਸਾਂਝੇ ਤੌਰ ’ਤੇ ਕਰਵਾਇਆ ਗਿਆ। ਸੈਸ਼ਨ ਦੀ ਸ਼ੁਰੂਆਤ ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਤੋਂ ਬਾਅਦ ਰਸਾਇਣਕ ਖਾਦਾਂ ’ਤੇ ਅਤਿਅਧਿਕ ਨਿਰਭਰਤਾ ਨੇ ਪੰਜਾਬ ਵਿੱਚ ਮਿੱਟੀ ਦੀ ਸਿਹਤ ਤੇ ਭੂਮੀਗਤ ਪਾਣੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਵਿਸ਼ੇਸ਼ ਭਾਸ਼ਣ ਪ੍ਰਸਿੱਧ ਵਾਤਾਵਰਣ ਵਿਗਿਆਨੀ ਡਾ ਸੁਲਤਾਨ ਅਹਿਮਦ ਇਸਮਾਈਲ ਨੇ ਦਿੱਤਾ। ਉਹ ਇਸ ਸਮੇਂ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਪੰਜਾਬ ਦੌਰੇ ’ਤੇ ਹਨ। ਡਾ ਇਸਮਾਈਲ ਨੇ ਆਪਣੇ ਸੰਬੋਧਨ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਤੇ ਖੇਤੀਬਾੜੀ ਦੀ ਲੰਬੇ ਸਮੇਂ ਦੀ ਸਥਿਰਤਾ ਲਈ ਮਿੱਟੀ ਦੀ ਜੀਵ ਵਿਭਿੰਨਤਾ, ਕੀੜੇ ਤੇ ਸੂਖਮ ਜੀਵਾਣੂਆਂ ਦੀ ਮਹੱਤਵਪੂਰਨ ਭੂਮਿਕਾ ’ਤੇ ਰੌਸ਼ਨੀ ਪਾਈ। ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਡਾ. ਪਰਿਤ ਪਾਲ ਸਿੰਘ ਨੇ ਕੀਤੀ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਉਮੇਂਦਰ ਦੱਤ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਭਾਸ਼ਣ ਤੋਂ ਬਾਅਦ ਯੂਨੀਵਰਸਿਟੀ ਕੈਂਪਸ ’ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਅਧੀਨ ਗੁਰੂ ਗੋਬਿੰਦ ਸਿੰਘ ਬਾਗ ਵਿੱਚ ਚੀਕੂ (ਸਪੋਟਾ) ਦੇ ਪੌਦਿਆਂ ਦਾ ਨਵਾਂ ਸੈਕਸ਼ਨ ਬਣਾਇਆ ਗਿਆ। ਪ੍ਰੋਗਰਾਮ ਖੇਤੀਬਾੜੀ ਵਿਭਾਗ ਦੇ ਮੁਖੀ ਡਾ ਜਸਪ੍ਰੀਤ ਕੌਰ ਢਿੱਲੋਂ ਦੇ ਰਸਮੀ ਧੰਨਵਾਦ ਨਾਲ ਸਮਾਪਤ ਹੋਇਆ।