ਮਾਤਾ ਗੁਜਰੀ ਕਾਲਜ ਦੇ ਮਨੋਵਿਗਿਆਨ ਤੇ ਪੱਤਰਕਾਰੀ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ
ਮਾਤਾ ਗੁਜਰੀ ਕਾਲਜ ਦੇ ਮਨੋਵਿਗਿਆਨ ਅਤੇ ਪੱਤਰਕਾਰੀ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ
Publish Date: Wed, 18 Mar 2026 08:11 PM (IST)
Updated Date: Wed, 18 Mar 2026 08:16 PM (IST)

ਫ਼ੋਟੋ ਫ਼ਾਈਲ : 14 ਮੁੱਖ ਬੁਲਾਰੇ ਡਾ. ਪੁਸ਼ਪਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਅਧਿਆਪਕ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਮਨੋਵਿਗਿਆਨ ਵਿਭਾਗ ਤੇ ਪੱਤਰਕਾਰੀ ਵਿਭਾਗ ਵੱਲੋਂ ‘ਐਨਾਟਮੀ ਆਫ ਗਰੁੱਪ: ਡਾਇਨਾਮਿਕਸ, ਫਾਰਮੇਸ਼ਨ ਐਂਡ ਐਕਸ਼ਨ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿਚ ਕਾਲਜ ਦੇ ਸੋਸ਼ਿਆਲੋਜੀ ਵਿਭਾਗ ਦੇ ਮੁਖੀ ਡਾ. ਪੁਸ਼ਪਿੰਦਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਸਮੂਹ ਦੀ ਬਣਤਰ ਤੇ ਇਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਿੱਖਿਆ ਭਰਪੂਰ ਸੈਸ਼ਨ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੋਚ ਅਤੇ ਸਮਝ ਨੂੰ ਵੀ ਹੋਰ ਵਿਸ਼ਾਲ ਬਣਾਉਂਦੇ ਹਨ। ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਹਰਦੀਪ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਤੇ ਵਿਸ਼ਾਲ ਸੋਚ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ’ਤੇ ਅਜਿਹੇ ਸਿੱਖਿਆਦਾਇਕ ਸੈਸ਼ਨ ਕੀਤੇ ਜਾਂਦੇ ਹਨ ਜੋ ਉਨ੍ਹਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਵਿਸ਼ਲੇਸ਼ਣਾਤਮਕ ਸੋਚ ਅਤੇ ਸਮਾਜਿਕ ਸਮਝ ਨੂੰ ਹੋਰ ਬਿਹਤਰ ਬਣਾਉਂਦੇ ਹਨ। ਸਮਾਗਮ ਦੇ ਅਖੀਰ ਵਿਚ ਮਨੋਵਿਗਿਆਨ ਵਿਭਾਗ ਦੇ ਪ੍ਰੋ. ਕਿਰਨਜੋਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਟਵਿੰਕਲ ਅਤੇ ਪੱਤਰਕਾਰੀ ਵਿਭਾਗ ਦੇ ਪ੍ਰੋ. ਲਵਨੀਤ ਵਸ਼ਿਸ਼ਠ ਅਤੇ ਪ੍ਰੋ. ਨਾਦਿਸ਼ ਵੀ ਮੌਜੂਦ ਸਨ।