ਏਡਜ਼ ਜਾਗਰੂਕਤਾ ਸਬੰਧੀ ਲੈਕਚਰ ਤੇ ਪੋਸਟਰ ਮੁਕਾਬਲਾ ਕਰਵਾਇਆ
ਐਚਆਈਵੀ/ਏਡਜ਼ ਜਾਗਰੂਕਤਾ ਲਈ ਯੂਨੀਵਰਸਿਟੀ ਵਿੱਚ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੁਕਾਬਲਾ
Publish Date: Sun, 01 Mar 2026 05:52 PM (IST)
Updated Date: Mon, 02 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਰੈੱਡ ਰਿਬਨ ਕਲੱਬ ਅਤੇ ਵਿਭਾਗ ਫਿਜ਼ੀਓਥੈਰੇਪੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵੱਲੋਂ ਐਚਆਈਵੀ/ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਵਿਸ਼ੇਸ਼ ਲੈਕਚਰ ਅਤੇ ਸਲੋਗਨ–ਪੋਸਟਰ ਪ੍ਰਸਤੁਤੀ ਮੁਕਾਬਲਾ ਕੀਤਾ ਗਿਆ। ਇਸ ਵਰ੍ਹੇ ਦਾ ਕੇਂਦਰੀ ਵਿਸ਼ਾ ‘ਏਡਜ਼ ਦਾ ਅੰਤ: ਨੌਜਵਾਨਾਂ, ਸਿੱਖਿਆ ਅਤੇ ਹੈਲਥਕੇਅਰ ਪ੍ਰੋਫੈਸ਼ਨਲਜ਼ ਦੀ ਭੂਮਿਕਾ’ ਰਿਹਾ। ਕਾਰਜਕ੍ਰਮ ਡਾ. ਪੰਕਜਪ੍ਰੀਤ ਸਿੰਘ, ਡੀਨ ਫੈਕਲਟੀ ਆਫ ਮੈਡੀਕਲ ਸਾਇੰਸਜ਼ ਅਤੇ ਡਾ. ਸੁਪ੍ਰੀਤ ਬਿੰਦਰਾ, ਅਸੋਸੀਏਟ ਪ੍ਰੋਫੈਸਰ ਤੇ ਮੁਖੀ ਵਿਭਾਗ ਫਿਜ਼ੀਓਥੈਰੇਪੀ ਦੀ ਅਗਵਾਈ ਹੇਠ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਮੁੱਖ ਵਕਤਾ ਡਾ. ਮਨਜਿੰਦਰ ਸਿੰਘ ਮਾਨ, ਐੱਮਡੀ ਮੈਡਿਸਨ, ਅਸੋਸੀਏਟ ਪ੍ਰੋਫੈਸਰ ਵਿਭਾਗ ਮੈਡਿਸਨ, ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਨੇ ਐਚਆਈਵੀ/ਏਡਜ਼ ਦੀ ਰਾਸ਼ਟਰੀ ਤੇ ਵਿਸ਼ਵ ਪੱਧਰੀ ਸਥਿਤੀ, ਬਚਾਅ ਦੀਆਂ ਰਣਨੀਤੀਆਂ, ਸਮੇਂ ਸਿਰ ਨਿਰਧਾਰਨ, ਸਮਾਜਿਕ ਧੱਬੇ ਨੂੰ ਘਟਾਉਣ ਅਤੇ ਏਡਜ਼ ਖ਼ਾਤਮੇ ਵਿੱਚ ਨੌਜਵਾਨਾਂ, ਅਧਿਆਪਕਾਂ ਤੇ ਹੈੱਲਥਕੇਅਰ ਪ੍ਰੋਫੈਸ਼ਨਲਜ਼ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬਹੁਤ ਸਾਰਾ ਗਿਆਨ ਹਾਸਲ ਕੀਤਾ। ਲੈਕਚਰ ਤੋਂ ਬਾਅਦ ਵਿਦਿਆਰਥੀਆਂ ਨੇ ਸੋਚ ਪ੍ਰੇਰਕ ਸਲੋਗਨਾਂ ਅਤੇ ਜਾਣਕਾਰੀ ਭਰਪੂਰ ਪੋਸਟਰਾਂ ਰਾਹੀਂ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਉਪ ਕੁੱਲਪਤੀ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਹਾਜ਼ਰੀ ਭਰ ਕੇ ਕਾਰਜਕ੍ਰਮ ਦੀ ਸ਼ਲਾਘਾ ਕੀਤੀ। ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਅਤੇ ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਵੀ ਰੈੱਡ ਰਿਬਨ ਕਲੱਬ ਤੇ ਵਿਭਾਗ ਵੱਲੋਂ ਕੀਤੇ ਜਾਗਰੂਕਤਾ ਯਤਨਾਂ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਦੀ ਸਰਗਰਮੀ ਲਈ ਸ਼ਾਬਾਸ਼ੀ ਦਿੱਤੀ। ਉਪ ਕੁੱਲਪਤੀ ਵੱਲੋਂ ਮੁੱਖ ਵਕਤਾ ਡਾ. ਮਨਜਿੰਦਰ ਸਿੰਘ ਮਾਨ ਨੂੰ ਵਿਦਿਆਰਥੀਆਂ ਦੀ ਗਿਆਨ ਵਿਰੁੱਧ ਵਿੱਚ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਕਾਰਜਕ੍ਰਮ ਨੇ ਇੱਕ ਵਾਰ ਫਿਰ ਸਿੱਖਿਆ, ਜਾਗਰੂਕਤਾ ਅਤੇ ਨੌਜਵਾਨਾਂ ਦੀ ਭੂਮਿਕਾ ਨੂੰ ਐਚਆਈਵੀ/ਏਡਜ਼ ਖ਼ਾਤਮੇ ਲਈ ਅਹਿਮ ਦੱਸਿਆ।