ਪੰਜਾਬ ਗਰੁੱਪ ਆੱਫ ਕਾਲਜਿਜ਼ ਵਿਖੇ ਛੇਵਾਂ ਡਿਗਰੀ ਵੰਡ ਸਮਾਰੋਹ
ਪੰਜਾਬ ਗਰੁੱਪ ਆੱਫ ਕਾਲਜਿਜ਼ ਵਿਖੇ ਛੇਵਾਂ ਡਿਗਰੀ ਵੰਡ ਸਮਾਰੋਹ ਆਯੋਜਿਤ
Publish Date: Sun, 18 Jan 2026 04:16 PM (IST)
Updated Date: Mon, 19 Jan 2026 04:00 AM (IST)

ਪੰਜਾਬ ਗਰੁੱਪ ਆੱਫ ਕਾਲਜਿਜ਼ ਵਿਖੇ ਛੇਵਾਂ ਡਿਗਰੀ ਵੰਡ ਸਮਾਰੋਹ ਆਯੋਜਿਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਗਰੁੱਪ ਆੱਫ ਕਾਲਜਿਜ਼, ਪਿੰਡ ਸਰਕਪੜਾ, ਚੂੰਨੀ ਕਲਾਂ ਵਿਖੇ ਅੱਜ ਛੇਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ 2023 ਤੋਂ 2025 ਸੈਸ਼ਨਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਵੱਖ-ਵੱਖ ਕੋਰਸਾਂ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਫੈਪ ਤੇ ਜੈਕ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਗੈਸਟ ਆੱਫ਼ ਆਨਰ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਕਾਲਜ ਮੈਨੇਜਮੈਂਟ ਮੈਂਬਰ ਰਮਿੰਦਰਜੀਤ ਕੌਰ, ਕਾਲਜ ਡਾਇਰੈਕਟਰ ਜੈਵੀਰ ਸਿੰਘ ਅਤੇ ਸਟੇਟ ਅਵਾਰਡੀ ਮਾਸਟਰ ਨੌਰੰਗ ਸਿੰਘ ਵੀ ਮੌਜੂਦ ਰਹੇ। ਕਾਲਜ ਚੇਅਰਮੈਨ ਨਿਰਮਲ ਸਿੰਘ, ਪ੍ਰਿੰਸੀਪਲ ਡਾ. ਸੁਮਨਦੀਪ ਕੌਰ, ਐਚਓਡੀ ਡਾ. ਗੀਤਾ ਰਾਣੀ ਤੇ ਸਮੂਹ ਸਟਾਫ਼ ਨੇ ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਦਾ ਸਵਾਗਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਮਨਦੀਪ ਕੌਰ ਨੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਦਾ ਪੜ੍ਹਾਈ ਦਾ ਟੀਚਾ ਪੂਰਾ ਹੋ ਗਿਆ ਹੈ ਅਤੇ ਹੁਣ ਉਹ ਨਵੇਂ ਜੀਵਨ ਤੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਗੈਸਟ ਆਫ਼ ਆਨਰ ਡਾ. ਜਗਜੀਤ ਸਿੰਘ ਧੂਰੀ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਖੇਤਰ ਵਿੱਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਅੰਤ ’ਚ ਕਾਲਜ ਚੇਅਰਮੈਨ ਨਿਰਮਲ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦਾ ਪ੍ਰਕਾਸ਼ ਫੈਲਾਉਣ ਲਈ ਵੀ ਪ੍ਰੇਰਿਆ ਅਤੇ ਸਮਾਰੋਹ ਨੂੰ ਸਫਲ ਬਣਾਉਣ ਲਈ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਰੋਹ ਦੀ ਸ਼ੁਰੂਆਤ ਐਲੂਮਨਾਈ ਮੀਟ ਨਾਲ ਕੀਤੀ ਗਈ, ਜਿਸ ਵਿੱਚ ਐਲੂਮਨਾਈ ਦੇ ਪ੍ਰਧਾਨ, ਮੀਤ ਪ੍ਰਧਾਨ, ਕੈਸ਼ੀਅਰ ਤੇ ਸਕੱਤਰ ਦੀ ਚੋਣ ਕੀਤੀ ਗਈ।